ਗੁਰਨਾਮ ਸਿੰਘ ਅਕੀਦਾ
ਪਟਿਆਲਾ, 30 ਅਪਰੈਲ
ਪੰਜਾਬ ਵਿਚ 1992 ਦੀਆਂ ਵਿਧਾਨ ਸਭਾ ਚੋਣਾਂ ਦਾ ਬਾਈਕਾਟ ਹੋਇਆ ਸੀ। ਸਾਬਕਾ ਐੱਮਪੀ ਅਤਿੰਦਰਪਾਲ ਸਿੰਘ ਨੇ ਚੋਣਾਂ ਵਿੱਚ ਹਿੱਸਾ ਲੈਣ ਲਈ ਖਾੜਕੂਆਂ ਸਣੇ ਪੰਥਕ ਧਿਰਾਂ ਨੂੰ ਰਾਜ਼ੀ ਕਰ ਲਿਆ ਸੀ ਪਰ ਉਸ ’ਤੇ ਹਮਲਾ ਹੋਣ ਮਗਰੋਂ ਪੰਥਕ ਧਿਰਾਂ ਨੇ ਚੋਣਾਂ ਦਾ ਬਾਈਕਾਟ ਕਰ ਦਿੱਤਾ। ਮਗਰੋੋਂ ਬੇਅੰਤ ਸਿੰਘ ਦੀ ਸਰਕਾਰ ਬਣੀ ਸੀ।
ਖੁਫੀਆ ਵਿਭਾਗ ਦੇ ਜੁਆਇੰਟ ਡਾਇਰੈਕਟਰ ਮਲੌਏ ਕ੍ਰਿਸ਼ਨ ਧਰ ਦੀ ਕਿਤਾਬ ‘ਖੁੱਲ੍ਹੇ ਭੇਦ’ ਵਿਚ ਇਨ੍ਹਾਂ ਤੱਥਾਂ ਦਾ ਜ਼ਿਕਰ ਮਿਲਦਾ ਹੈ। ਸਾਬਕਾ ਐਮਪੀ ਅਤਿੰਦਰਪਾਲ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੇ ਸਾਰੀਆਂ ਖਾੜਕੂ ਧਿਰਾਂ, ਪੰਥਕ ਕਮੇਟੀ, ਸਾਰੀਆਂ ਫੈਡਰੇਸ਼ਨਾਂ ਨੂੰ ਚੋਣਾਂ ਦਾ ਬਾਈਕਾਟ ਨਾ ਕਰਨ ਲਈ ਸਹਿਮਤ ਕਰ ਲਿਆ ਸੀ। ਪ੍ਰਕਾਸ਼ ਸਿੰਘ ਬਾਦਲ ਦੀ ਖਾੜਕੂ ਸੁਖਦੇਵ ਸਿੰਘ ਬੱਬਰ ਨਾਲ ਮੀਟਿੰਗ ਵੀ ਕਰਵਾ ਦਿੱਤੀ ਸੀ।
ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹੋਈ ਮੀਟਿੰਗ ਵਿੱਚ ਅਮਰਿੰਦਰ ਸਿੰਘ, ਸੁਰਜੀਤ ਸਿੰਘ ਬਰਨਾਲਾ, ਪ੍ਰਕਾਸ਼ ਸਿੰਘ ਬਾਦਲ, ਸਿਮਰਨਜੀਤ ਸਿੰਘ ਮਾਨ, ਕਿਰਪਾਲ ਸਿੰਘ ਨਾਰੰਗ, ਮਨਜੀਤ ਸਿੰਘ ਤੇ ਕੁਝ ਖਾੜਕੂ ਹਾਜ਼ਰ ਸਨ। ਇਸ ਮੌਕੇ ਮਤਾ ਪਾਇਆ ਗਿਆ ਕਿ ਦੋਸ਼ੀ, ਦਾਗ਼ੀ ਅਤੇ ਭਗੌੜਿਆਂ ਨੂੰ ਟਿਕਟ ਨਹੀਂ ਦਿੱਤੀ ਜਾਵੇਗੀ। ਅਤਿੰਦਰਪਾਲ ਨੇ ਦੱਸਿਆ,‘‘ਜਦੋਂ ਮੈਂ ਅੰਮ੍ਰਿਤਸਰ ਤੋਂ ਵਾਪਸ ਆ ਰਿਹਾ ਸੀ ਤਾਂ ਬਿਆਸ ਨੇੜੇ ਮੇਰਾ ਹਾਦਸਾ ਕਰਵਾ ਦਿੱਤਾ ਗਿਆ। ਮੌਕੇ ’ਤੇ ਪਿੰਡ ਵਾਲਿਆਂ ਨੇ ਮੈਨੂੰ ਬਿਆਸ ਹਸਪਤਾਲ ਵਿੱਚ ਪਹੁੰਚਾਇਆ ਤਾਂ ਉੱਥੋਂ ਦੇ ਇੰਚਾਰਜ (ਬ੍ਰਿਗੇਡੀਅਰ) ਨੂੰ ਮਜੀਠਾ ਦੇ ਐੱਸਐੱਸਪੀ ਪੀਪੀਐੱਸ ਗਿੱਲ ਦਾ ਫ਼ੋਨ ਆ ਗਿਆ, ਜਿਸ ਵਿੱਚ ਮੇਰੀ ਮੌਤ ਦਾ ਫ਼ਰਮਾਨ ਸੀ ਪਰ ਬ੍ਰਿਗੇਡੀਅਰ ਨੇ ਸਾਨੂੰ ਉੱਥੋਂ ਕੱਢ ਦਿੱਤਾ।’’ ਅਤਿੰਦਰਪਾਲ ਅਨੁਸਾਰ ਚੋਣਾਂ ਦੇ ਬਾਈਕਾਟ ਦਾ ਬਿਆਨ ਦਿਵਾਉਣ ਲਈ ਉਸ ਦੀ ਪਤਨੀ ਕੋਲ ਮਲੌਏ ਕ੍ਰਿਸ਼ਨ (ਜੁਆਇੰਟ ਡਾਇਰੈਕਟਰ) ਪਗੜੀ ਪਾ ਕੇ ਚਾਰ ਨਿਹੰਗਾਂ ਨਾਲ ਆਏ ਤੇ ਉਸ ਨੂੰ ਦੋ ਅਟੈਚੀਆਂ ਵਿੱਚ ਪਏ ਦੋ ਕਰੋੜ ਰੁਪਏ ਲੈਣ ਲਈ ਕਿਹਾ। ਉਸ ਦੀ ਪਤਨੀ ਨੇ ਦੋਵੇਂ ਅਟੈਚੀਆਂ ਵਗਾਹ ਮਾਰੀਆਂ। ਫਿਰ ਵੱਡੇ ਅਧਿਕਾਰੀ ਨੇ ਉਸ ਨਾਲ ਸੰਪਰਕ ਕੀਤਾ। ਦੋ ਕਰੋੜ ਰੁਪਏ, ਦੋ ਵੱਡੀਆਂ ਕੋਠੀਆਂ (ਪਟਿਆਲਾ ਵਿੱਚ ਪਾਸੀ ਰੋਡ ਤੇ ਪੰਜ ਨੰਬਰ ਕੋਠੀ ਤੇ ਏਸੀ ਸਿਨੇਮਾ ਤੋਂ ਚਿਲਡਰਨ ਚੌਕ ਵਾਲੇ ਪਾਸੇ 10 ਨੰਬਰ ਕੋਠੀ) ਪਟਿਆਲਾ ਵਿੱਚ ਉਸ ਦੇ ਨਾਮ ਕਰ ਦਿੱਤੀਆਂ। ਇਨ੍ਹਾਂ ਦਾ ਰਿਕਾਰਡ ਮਿਲਣ ਮਗਰੋਂ ਅਤਿੰਦਰਪਾਲ ਨੇ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਪ੍ਰੈੱਸ ਕਾਨਫ਼ਰੰਸ ਕਰਕੇ ਖੁਫੀਆ ਵਿਭਾਗ ਦੇ ਸਾਰੇ ਭੇਤ ਖੋਲ੍ਹ ਦਿੱਤੇ।
ਮਗਰੋਂ ਲੁਧਿਆਣਾ ਦੇ ਗੁਰਦੁਆਰਾ ਅਕਾਲਗੜ੍ਹ ਸਾਹਿਬ ਵਿੱਚ ਚਾਰ ਅਕਾਲੀ ਦਲਾਂ, ਦੋ ਫੈਡਰੇਸ਼ਨਾਂ ਅਤੇ ਕਈ ਦਲਾਂ ਨੇ ਚੋਣਾਂ ਦਾ ਬਾਈਕਾਟ ਕਰ ਦਿੱਤਾ। ਉਸ ਸਮੇਂ ਸਿਮਰਨਜੀਤ ਸਿੰਘ ਮਾਨ, ਕੈਪਟਨ ਹਰਚਰਨ ਸਿੰਘ ਰੋਡੇ, ਪ੍ਰਕਾਸ਼ ਸਿੰਘ ਬਾਦਲ, ਭਾਈ ਮਨਜੀਤ ਸਿੰਘ, ਕਰਤਾਰ ਸਿੰਘ ਨਾਰੰਗ ਤੇ ਭਾਈ ਸੁਖਦੇਵ ਸਿੰਘ ਫ਼ੋਟੋ ਵਿਚ ਨਜ਼ਰ ਆ ਰਹੇ ਸਨ। ਅਤਿੰਦਰਪਾਲ ਦੀ ਪਤਨੀ ਨੂੰ ਰੁਪਏ ਦੇਣ ਦਾ ਜ਼ਿਕਰ ‘ਖੁੱਲ੍ਹੇ ਭੇਦ’ ਕਿਤਾਬ ਦੇ ਪੰਨਾ ਨੰਬਰ 408 ’ਤੇ ਮਿਲਦਾ ਹੈ ਜਿਸ ਵਿੱਚ ਮਲੌਏ ਕ੍ਰਿਸ਼ਨ ਧਰ ਅਟੈਚੀ ਨਹੀਂ ਸਗੋਂ ਦੋ ਲਿਫ਼ਾਫ਼ੇ ਦੇਣ ਦਾ ਜ਼ਿਕਰ ਕਰਦੇ ਹਨ ਤੇ ਇਸੇ ਪੰਨੇ ’ਤੇ ਜ਼ਿਕਰ ਮਿਲਦਾ ਹੈ ਕਿ ਅਤਿੰਦਰਪਾਲ ਨੇ ਪੰਥ ਦੀ ਸੁਲਾਹ ਸਫ਼ਾਈ ਕਰਾਉਣ ਲਈ ਬੜਾ ਜ਼ੋਰ ਲਗਾਇਆ। ਅਤਿੰਦਰਪਾਲ ਅਨੁਸਾਰ ਪੰਥ ਵੱਲੋਂ ਚੋਣਾਂ ਦੇ ਕੀਤੇ ਬਾਈਕਾਟ ਨੇ ਪੰਜਾਬ ਦੀ ਨੌਜਵਾਨੀ ਦਾ ਘਾਣ ਕਰਵਾਇਆ।