ਸਰਬਜੀਤ ਸਿੰਘ ਭੰਗੂ
ਪਟਿਆਲਾ, 12 ਮਾਰਚ
ਬਲਾਕ ਪਟਿਆਲਾ ਅਤੇ ਸਮਾਣਾ ਵਿਚ ਗੜੇਮਾਰੀ ਕਾਰਨ ਹੋਏ ਖਰਾਬੇ ਦਾ ਜਾਇਜ਼ਾ ਲੈਣ ਲਈ ਕਿਸਾਨ ਯੂਨੀਅਨ (ਡਕੌਂਦਾ) ਦੇ ਆਗੂਆਂ ਨੇ ਪਿੰਡਾਂ ਦਾ ਦੌਰਾ ਕੀਤਾ। ਉਨ੍ਹਾਂ ਦਾ ਤਰਕ ਸੀ ਕਿ ਜ਼ਿਲ੍ਹੇ ਦੇ ਤਿੰਨ ਦਰਜਨ ਪਿੰਡਾਂ ਵਿੱਚ ਹੋਈ ਇਸ ਗੜੇਮਾਰੀ ਕਾਰਨ ਹਾੜ੍ਹੀ ਦੀ ਮੁੱਖ ਫ਼ਸਲ ਕਣਕ ਦਾ 50 ਤੋਂ 80 ਫੀਸਦੀ ਤੱਕ ਨੁਕਸਾਨ ਹੋਇਆ ਹੈ। ਉਨ੍ਹਾਂ ਸਰਕਾਰ ਤੋਂ ਤੁਰੰਤ ਗਿਰਦਾਵਰੀ ਕਰਵਾ ਕੇ ਢੁਕਵਾਂ ਮੁਆਵਜ਼ਾ ਦੇਣ ਦੀ ਮੰਗ ਕੀਤੀ। ਕਿਸਾਨ ਆਗੂਆਂ ਬਲਦੇਵ ਬਠੋਈ, ਟਹਿਲ ਕੱਕੇਪੁਰ, ਬਲਬੀਰ ਸਿੰਘ ਮਵੀਸੱਪਾਂ, ਹਰਦਿਆਲ ਭਾਨਰੀ, ਸੁਖਵਿੰਦਰ ਫ਼ਤਹਿਪੁਰ, ਗੁਰਬਚਨ ਸਿੰਘ, ਅਰਸ਼ਦੀਪ ਸਿੰਘ, ਗੁਰਲਾਲ ਸਿੰਘ ਅਤੇ ਅੰਗਰੇਜ਼ ਸਿੰਘ ਆਦਿ ਆਗੂਆਂ ਨੇ ਦੌਰੇ ਮਗਰੋਂ ਮੀਟਿੰਗ ਵੀ ਕੀਤੀ। ਉਨ੍ਹਾਂ ਦੱਸਿਆ ਕਿ ਕੁਝ ਥਾਈਂ ਤਾਂ ਸੁੱਕੀ ਗੜੇਮਾਰੀ ਹੋਈ ਹੈ ਪਰ ਕਈ ਪਿੰਡਾਂ ਵਿੱਚ ਤਾਂ ਫ਼ਸਲ ਪੂਰੀ ਤਰ੍ਹਾਂ ਨਸ਼ਟ ਹੋ ਗਈ ਹੈ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਤੁਰੰਤ ਗਿਰਦਾਵਰੀ ਦੇ ਹੁਕਮ ਜਾਰੀ ਕਰਕੇ ਜਾਇਜ਼ੇ ਮਗਰੋਂ ਮੁਆਵਜ਼ਾ ਯਕੀਨੀ ਬਣਾਇਆ ਜਾਵੇ। ਇਸੇ ਦੌਰਾਨ ਕਿਸਾਨ ਯੂਨੀਅਨ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਨਿਆਲ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਅਵਤਾਰ ਸਿੰਘ ਕੌਰਜੀਵਾਲਾ, ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ, ਕਾਂਗਰਸ ਆਗੂ ਕਾਕਾ ਸੇਖੋਂ, ਅਕਾਲੀ ਆਗੂ ਗੁਰਧਿਆਨ ਭਾਨਰੀ ਆਦਿ ਨੇ ਵੀ ਮੁਆਵਜ਼ੇ ’ਤੇ ਜ਼ੋਰ ਦਿੱਤਾ। ਮਾਰਕੀਟ ਕਮੇਟੀ ਡਕਾਲਾ ਦੇ ਚੇਅਰਮੈਨ ਮਦਨਜੀਤ ਡਕਾਲਾ ਨੇ ਵੀ ਕੁਝ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਤੇ ਵਿਧਾਇਕ ਰਾਜਿੰਦਰ ਸਿੰਘ ਨਾਲ ਗੱਲ ਕੀਤੀ। ਉਧਰ, ਜ਼ਿਲ੍ਹਾ ਖੇਤਬਾੜੀ ਅਫਸਰ ਡਾ. ਸੁਰਜੀਤ ਵਾਲੀਆ ਦਾ ਕਹਿਣਾ ਸੀ ਕਿ ਭਾਵੇਂ ਕਿ ਕਈ ਪਿੰਡਾਂ ਵਿਚ ਕਾਫ਼ੀ ਨੁਕਸਾਨ ਹੋਇਆ ਹੈ ਪਰ ਅਧਿਕਾਰਤ ਰਿਪੋਰਟਾਂ ਆਉਣੀਆਂ ਬਾਕੀ ਹਨ।
ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦੇਵਾਂਗੇ: ਵਿਧਾਇਕ ਰਾਜਿੰਦਰ ਸਿੰਘ
ਸਮਾਣਾ (ਅਸ਼ਵਨੀ ਗਰਗ): ਵਿਧਾਨ ਸਭਾ ਹਲਕਾ ਸਮਾਣਾ ਦੇ ਵਿਧਾਇਕ ਰਾਜਿੰਦਰ ਸਿੰਘ ਨੇ ਗੜੇਮਾਰੀ ਕਾਰਨ ਪ੍ਰਭਾਵਿਤ ਹਲਕਾ ਸਮਾਣਾ ਦੇ ਉਨ੍ਹਾਂ ਪਿੰਡਾਂ ਦਾ ਦੌਰਾ ਕੀਤਾ ਜਿਨ੍ਹਾਂ ’ਚ ਬੀਤੇ ਦਿਨੀਂ ਹੋਈ ਗੜੇਮਾਰੀ ਕਰ ਕੇ ਫ਼ਸਲਾਂ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦੇ ਨਾਲ ਐੱਸਡੀਐੱਮ ਸਮਾਣਾ ਨਮਨ ਮੜਕਨ, ਨਾਇਬ ਤਹਿਸੀਲਦਾਰ ਹਰਨੇਕ ਸਿੰਘ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ। ਪਿੰਡ ਕਾਹਨਗੜ੍ਹ, ਗਾਜੀਪੁਰ, ਫ਼ਤਹਿਮਾਜਰੀ ਤੇ ਕੁਤਬਨਪੁਰ ਦਾ ਦੌਰਾ ਕਰਦਿਆਂ ਵਿਧਾਇਕ ਨੇ ਦੱਸਿਆ ਕਿ ਗੜੇਮਾਰੀ ਕਰ ਕੇ ਜਿਹੜੇ ਕਿਸਾਨਾਂ ਦੀਆਂ ਫਸਲਾਂ ਨੂੰ ਨੁਕਸਾਨ ਪਹੁੰਚਿਆ ਹੈ, ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇਗੀ। ਨੁਕਸਾਨੀਆਂ ਫ਼ਸਲਾਂ ਦਾ ਜਾਇਜ਼ਾ ਲੈਣ ਮੌਕੇ ਵਿਧਾਇਕ ਰਾਜਿੰਦਰ ਸਿੰਘ ਨੇ ਕਿਹਾ ਕਿ ਗੜੇਮਾਰੀ ਕਾਰਨ ਹਲਕਾ ਸਮਾਣਾ ਦੇ ਜਿਹੜੇ ਪਿੰਡਾਂ ’ਚ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ ਯੋਗ ਮੁਆਵਜ਼ਾ ਦਿਵਾਇਆ ਜਾਵੇਗਾ। ਉਨ੍ਹਾਂ ਐੱਸਡੀਐੱਮ ਸ੍ਰੀ ਮੜਕਨ ਨੂੰ ਕਿਹਾ ਕਿ ਉਹ ਇਕ ਹਫਤੇ ਦੇ ਅੰਦਰ ਆਪਣੀ ਰਿਪੋਰਟ ਬਣਾ ਕੇ ਪੰਜਾਬ ਸਰਕਾਰ ਨੂੰ ਭੇਜਣ ਤਾਂ ਜੋ ਖਰਾਬੇ ਦੀ ਰਾਸ਼ੀ ਪਾਸ ਕਰਵਾ ਕੇ ਕਿਸਾਨਾਂ ਤੱਕ ਪਹੁੰਚਦੀ ਕੀਤੀ ਜਾ ਸਕੇ। ਸ੍ਰੀ ਨਮਨ ਮੜਕਨ ਨੇ ਦੱਸਿਆ ਕਿ ਉਨ੍ਹਾਂ ਨੇ ਹਲਕੇ ਦੇ ਪਟਵਾਰੀਆਂ ਤੋਂ ਮੁਢਲੀ ਰਿਪੋਰਟ ਮੰਗ ਲਈ ਹੈ ਅਤੇ ਨਿਯਮਾਂ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।