ਆਸ਼ੂ ਨੇ ਰਾਜਪੁਰਾ ਮੰਡੀ ’ਚ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ

ਫ਼ਸਲ ਦੀ ਖ਼ਰੀਦ ਲਈ 4035 ਖ਼ਰੀਦ ਕੇਂਦਰ ਸਥਾਪਤ; ਦੇਵੀਗੜ੍ਹ, ਦੂਧਨਸਾਧਾਂ ਅਤੇ ਘਨੌਰ ਮੰਡੀਆਂ ’ਚ ਵੀ ਝੋਨੇ ਦੀ ਖ਼ਰੀਦ ਸ਼ੁਰੂ ਹੋਈ

ਆਸ਼ੂ ਨੇ ਰਾਜਪੁਰਾ ਮੰਡੀ ’ਚ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ

ਝੋਨੇ ਦੀ ਸਰਕਾਰੀ ਖ਼ਰੀਦ ਦੀ ਸ਼ੁਰੂਆਤ ਕਰਵਾਉਂਦੇ ਹੋਏ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ।

ਸਰਬਜੀਤ ਸਿੰਘ ਭੰਗੂ /ਬਹਾਦਰ ਸਿੰਘ ਮਰਦਾਂਪੁਰ

ਪਟਿਆਲਾ/ਰਾਜਪੁਰਾ, 27 ਸਤੰਬਰ

ਐਤਕੀਂ ਪੰਜਾਬ ’ਚ ਝੋਨੇ ਦੀ ਸਰਕਾਰੀ ਖ਼ਰੀਦ ਅਗਾਊਂ ਹੀ ਸ਼ੁਰੂ ਹੋ ਗਈ ਹੈ। ਇਸ ਖ਼ਰੀਦ ਦੀ ਸ਼ੁਰੂਆਤ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲ੍ਹੇ ਦੀ ਰਾਜਪੁਰਾ ਮੰਡੀ ਤੋਂ ਕਰਵਾਈ।  ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਡਾਇਰੈਕਟਰ ਅਨਿੰਦਿਤਾ ਮਿਤਰਾ ਸਣੇ ਦੋ ਵਿਧਾਇਕਾਂ ਹਰਦਿਆਲ ਕੰਬੋਜ ਤੇ ਮਦਨ ਜਲਾਲਪੁਰ ਤੇ ਪੰਜਾਬ ਮੰਡੀ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਵਿਜੈ ਕਾਲੜਾ ਦੀ ਮੌਜੂਦਗੀ ਵਿਚ ਖ਼ਰੀਦ ਸ਼ੁਰੂ ਕਰਵਾਉਂਦਿਆਂ, ਸ੍ਰੀ ਆਸ਼ੂ ਨੇ ਕਿਹਾ ਕਿ ਐਤਕੀਂ 170 ਲੱਖ ਟਨ ਝੋਨਾ ਆਉਣ ਦਾ ਅਨੁਮਾਨ ਹੈ, ਜਿਸ ਲਈ 4035 ਖ਼ਰੀਦ ਕੇਂਦਰ ਸਥਾਪਤ ਕੀਤੇ ਗਏ ਹਨ ਅਤੇ 30-30 ਫੁੱਟ ਦੇ ਖ਼ਾਨੇ ਬਣਾਏ ਗਏ ਹਨ। 

ਉਨ੍ਹਾਂ ਦੱਸਿਆ ਕਿ ਫ਼ਸਲ ਦੇ ਭੰਡਾਰਨ ਲਈ ਜਗ੍ਹਾ ਵੀ ਖ਼ਾਲੀ ਕਰਵਾਈ ਜਾ ਰਹੀ ਹੈ। ਇਕ ਮਹੀਨੇ ’ਚ 1000 ਸਪੈਸ਼ਲ ਗੱਡੀਆਂ ਰਾਹੀਂ 30 ਲੱਖ ਮੀਟਰਿਕ ਟਨ ਅਨਾਜ ਦੀ ਚੁਕਾਈ ਕੀਤੀ ਗਈ ਹੈ। ਜੂਟ ਮਿੱਲਾਂ ਵੱਲੋਂ 66 ਫ਼ੀਸਦ ਨਵੀਆਂ ਗੱਠਾਂ ਸਪਲਾਈ ਕਰਨ ਕਰ ਕੇ ਸਰਕਾਰ ਨੇ ਮਿਲਰਜ਼ ਨੂੰ 70 ਫ਼ੀਸਦ ਬੈਗ ਲਗਾਉਣ ਲਈ ਕਿਹਾ ਹੈ, ਜਿਸ ਨਾਲ ਝੋਨੇ ਦੀ ਭਰਾਈ ਤੇ ਚੁਕਾਈ ’ਚ ਕੋਈ ਮੁਸ਼ਕਿਲ ਨਾ ਆਵੇ। 

ਇਸ ਦੌਰਾਨ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਬਿੱਲਾਂ ਬਾਰੇ ਰਾਜ ਸਰਕਾਰਾਂ, ਕਿਸਾਨਾਂ ਅਤੇ ਆੜ੍ਹਤੀਆਂ ਸਮੇਤ ਸਬੰਧਤ ਧਿਰਾਂ ਦੇ ਸ਼ੰਕੇ ਤੇ ਖ਼ਦਸ਼ੇ ਦੂਰ ਕਰਨ ਤੋਂ ਕੇਂਦਰ ਸਰਕਾਰ ਭੱਜ ਰਹੀ ਹੈ, ਪਰ ਪੰਜਾਬ ਸਰਕਾਰ ਕਿਸਾਨਾਂ ਨਾਲ਼ ਖੜ੍ਹੀ ਹੈ। 

ਉਨ੍ਹਾਂ ਕਿਹਾ ਕਿ ਕੇਂਦਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੀ ਗੱਲ ਸੁਣੇ ਤੇ ਮੰਡੀਕਰਨ ਦਾ ਵੀ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ। ਉਨ੍ਹਾਂ ਇਹ ਵੀ ਕਿਹਾ ਕਿ ਅਕਾਲੀ ਦਲ ਨੇ ਕੇਂਦਰ ਸਰਕਾਰ ’ਚ ਭਾਈਵਾਲ ਹੁੰਦਿਆਂ ਪਹਿਲਾਂ ਇਨ੍ਹਾਂ ਬਿੱਲਾਂ ਨੂੰ ਸਹਿਮਤੀ ਦੇ ਕੇ ਯੂ-ਟਰਨ ਲਿਆ ਹੈ, ਪਰ ਪੰਜਾਬ ਵਿਧਾਨ ਸਭਾ ’ਚ ਅਕਾਲੀ ਦਲ ਨੇ ਪਿੱਠ ਵਿਖਾਈ ਸੀ ਅਤੇ ਹੁਣ ਕਿਸਾਨਾਂ ਦੇ ਵਿਰੋਧ ਨੂੰ ਵੇਖਦਿਆਂ ਭਾਜਪਾ ਨਾਲ਼ ਗੱਠਜੋੜ ਤੋੜ ਕੇ ਮਗਰ ਮੱਛ ਦੇ ਹੰਝੂ ਵਹਾਏ  ਜਾ ਰਹੇ ਹਨ। 

ਘਨੌਰ (ਗੁਰਪ੍ਰੀਤ ਸਿੰਘ): ਜ਼ਿਲ੍ਹਾ ਪਰਿਸ਼ਦ ਮੈਂਬਰ ਗਗਨਦੀਪ ਸਿੰਘ ਜਲਾਲਪੁਰ ਵੱਲੋਂ ਕਸਬਾ ਘਨੌਰ ਦੀ ਅਨਾਜ ਮੰਡੀ ਵਿੱਚ ਝੋਨੇ ਦੀ ਸਰਕਾਰੀ ਖਰੀਦ ਦੀ ਸ਼ੁਰੂਆਤ ਕਰਵਾਈ ਗਈ ਅਤੇ ਘਨੌਰ ਦੀਆਂ ਹੋਰਨਾਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। 

ਇਸ ਮੌਕੇ ਮਾਰਕੀਟ ਕਮੇਟੀ ਦੇ ਸਕੱਤਰ ਗੁਰਮੀਤ ਸਿੰਘ, ਜ਼ਿਲ੍ਹਾ ਕਾਂਗਰਸ ਕਮੇਟੀ ਪ੍ਰਧਾਨ ਗੁਰਦੀਪ ਸਿੰਘ ਊਂਟਸਰ, ਮਾਰਕੀਟ ਕਮੇਟੀ ਦੇ ਚੇਅਰਮੈਨ ਬਲਜੀਤ ਸਿੰਘ ਗਿੱਲ ਅਤੇ ਹਰਵਿੰਦਰ ਸਿੰਘ ਕਾਮੀਂ ਵੀ ਹਾਜ਼ਰ ਸਨ। ਇਸ ਮੌਕੇ ਸ੍ਰੀ ਜਲਾਲਪੁਰ ਨੇ ਦੱਸਿਆ ਕਿ ਹਲਕਾ ਘਨੌਰ ਦੀਆਂ ਅਨਾਜ ਮੰਡੀਆਂ ਵਿੱਚ ਝੋਨੇ ਦੀ ਖਰੀਦ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਹੋ ਚੁੱਕੇ ਹਨ। ਮਾਰਕੀਟ ਕਮੇਟੀ ਘਨੌਰ ਦੀਆਂ ਮੰਡੀਆਂ ਵਿੱਚੋਂ ਸਰਕਾਰੀ ਖਰੀਦ ਏਜੰਸੀਆਂ ਐਫ.ਸੀ.ਆਈ, ਪਨਗ੍ਰੇਨ ਅਤੇ ਪਨਸਪ ਵੱਲੋਂ ਝੋਨੇ ਦੀ ਖਰੀਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਘਨੌਰ ਦੀ ਮੰਡੀ ਵਿੱਚ ਆਮਦ ਹੋਈ ਕਰੀਬ 125 ਕੁਇੰਟਲ ਝੋਨੇ ਦੀ ਫ਼ਸਲ ਸਹਾਇਕ ਮੁੱਲ 1888 ਰੁਪਏ ਪ੍ਰਤੀ ਕੁਇੰਟਲ ਬੋਲੀ ਲਗਾਈ ਗਈ ਹੈ।

ਝੋਨੇ ਦੀ ਬੋਲੀ ਸ਼ੁਰੂ ਕਰਵਾਉਂਦੇ ਹੋਏ ਹਲਕਾ ਇੰਚਾਰਜ ਸਨੌਰ ਹਰਿੰਦਰਪਾਲ ਸਿੰਘ ਹੈਰੀਮਾਨ।

ਕਿਸਾਨਾਂ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ: ਹੈਰੀਮਾਨ

ਦੇਵੀਗੜ੍ਹ (ਮੁਖਤਿਆਰ ਸਿੰਘ ਨੌਗਾਵਾਂ): ਇੱਥੇ ਦੇਵੀਗੜ੍ਹ ਅਤੇ ਦੂਧਨਸਾਧਾਂ ਦੀਆਂ ਅਨਾਜ ਮੰਡੀਆਂ ਵਿੱਚ ਅੱਜ  ਹਲਕਾ ਸਨੌਰ ਦੇ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੰਡੀਆਂ ਵਿੱਚ ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਸ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਵਿਕੇ ਝੋਨੇ ਦੀ ਪੇਮੈਂਟ ਵੀ ਕਿਸਾਨਾਂ ਨੂੰ ਨਾਲੋ-ਨਾਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਬਾਰਦਾਨੇ ਦੀ ਵੀ ਕੋਈ ਘਾਟ ਨਹੀਂ ਆਵੇਗੀ। ਝੋਨੇ ਦੀ ਲਿਫਟਿੰਗ ਬਾਰੇ ਵੀ ਉਨ੍ਹਾਂ ਕਿਹਾ ਕਿ ਇਸ ਸਬੰਧੀ ਵੀ ਟਰੱਕ ਯੂਨੀਅਨ ਅਤੇ ਠੇਕੇਦਾਰਾਂ ਨਾਲ ਝੋਨਾ ਨਾਲੋ ਨਾਲ ਚੁੱਕਣ ਬਾਰੇ ਗਲਬਾਤ ਹੋ ਚੁੱਕੀ ਹੈ। ਝੋਨੇ ਨੂੰ ਸ਼ੈਲਰਾਂ ਵਿੱਚ ਲਗਵਾਉਣ ਲਈ ਵੀ ਸਰਕਾਰ ਨੇ ਢੁਕਵੇਂ ਪ੍ਰਬੰਧ ਕੀਤੇ ਹੋਏ ਹਨ। ਇਸ ਮੌਕੇ ਮਾਰਕੀਟ ਕਮੇਟੀ ਪਟਿਆਲਾ ਦੇ ਚੇਅਰਮੈਨ ਰਤਿੰਦਰਪਾਲ ਸਿੰਘ ਰਿੰਕੀਮਾਨ ਅਤੇ ਜੋਗਿੰਦਰ ਸਿੰਘ ਕਾਕੜਾ, ਚੇਅਰਮੈਨ ਮਾਰਕੀਟ ਕਮੇਟੀ ਦੂਧਨਸਾਧਾਂ ਜੀਤ ਸਿੰਘ ਮੀਰਾਂਪੁਰ, ਸੈਕਟਰੀ ਰਣਬੀਰ ਸਿੰਘ ਮੌਜੂਦ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All