ਦੇਵੀਗੜ੍ਹ: ਪੁਲੀਸ ਨੇ ਰੌਹੜ ਜਗੀਰ ਤੋਂ ਇੱਕ ਵਿਅਕਤੀ ਪਾਸੋਂ ਇੱਕ ਕਿਲੋ ਅਫ਼ੀਮ ਬਰਾਮਦ ਕਰ ਕੇ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਥਾਣਾ ਮੁਖੀ ਇੰਸਪੈਕਟਰ ਕੁਲਬੀਰ ਸਿੰਘ ਨੇ ਦੱਸਿਆ ਕਿ ਪੁਲੀਸ ਚੌਕੀ ਰੌਹੜ ਜਗੀਰ ਦੇ ਇੰਚਾਰਜ ਥਾਣੇਦਾਰ ਜੀਤ ਸਿੰਘ ਵੱਲੋਂ ਆਪਣੀ ਪੁਲੀਸ ਪਾਰਟੀ ਨਾਲ ਰੌਹੜ ਜਗੀਰ ਵਿੱਚ ਹਰਿਆਣਾ ਤੋਂ ਆਉਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਕਿ ਪਿਹੋਵਾ ਵਾਲੇ ਪਾਸਿਓਂ ਪੀਆਰਟੀਸੀ ਦੀ ਇੱਕ ਬੱਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ। ਬੱਸ ਦੇ ਰੁਕਦਿਆਂ ਹੀ ਬੱਸ ਦੀ ਪਿਛਲੀ ਤਾਕੀ ਵਿੱਚੋਂ ਇੱਕ ਲੜਕਾ ਜਿਸ ਦੇ ਹੱਥ ਵਿੱਚ ਇੱਕ ਬੈਗ ਫੜਿਆ ਹੋਇਆ ਸੀ, ਤੇਜ਼ੀ ਨਾਲ ਉਤਰ ਕੇ ਘੜਾਮ ਵਾਲੇ ਪਾਸੇ ਨੂੰ ਚੱਲ ਪਿਆ। ਪੁਲੀਸ ਮੁਲਾਜ਼ਮਾਂ ਨੇ ਉਸ ਨੂੰ ਰੋਕ ਕੇ ਉਸਦਾ ਨਾਮ ਪੁੱਛਿਆ, ਜਿਸ ’ਤੇ ਉਸ ਨੇ ਆਪਣਾ ਨਾਂ ਵਿਕਾਸ ਕੁਮਾਰ ਪਿੰਡ ਮਜਗੂਆਂ, ਜ਼ਿਲ੍ਹਾ ਬਰੇਲੀ ਯੂਪੀ ਦੱਸਿਆ। ਉਨ੍ਹਾਂ ਕਿਹਾ ਕਿ ਉਸ ਦੇ ਬੈਗ ਦੀ ਤਲਾਸ਼ੀ ਲੈਣ ’ਤੇ ਉਸ ਵਿੱਚੋਂ ਇੱਕ ਕਿਲੋ ਅਫ਼ੀਮ ਬਰਾਮਦ ਹੋਈ। -ਪੱਤਰ ਪ੍ਰੇਰਕ