ਵਿਚੋਲੇ ਕਹਿਣ ਤੋਂ ਭੜਕੇ ਆੜ੍ਹਤੀ; ਮੋਦੀ ਦਾ ਪੁਤਲਾ ਫ਼ੂਕਿਆ

ਭਾਜਪਾ ਨੇਤਾਵਾਂ ਨੂੰ ਮੰਡੀਆਂ ਤੋਂ ਦੂਰ ਰਹਿਣ ਦੀ ਚਿਤਾਵਨੀ ਦਿੱਤੀ

ਵਿਚੋਲੇ ਕਹਿਣ ਤੋਂ ਭੜਕੇ ਆੜ੍ਹਤੀ; ਮੋਦੀ ਦਾ ਪੁਤਲਾ ਫ਼ੂਕਿਆ

ਸਰਬਜੀਤ ਸਿੰਘ ਭੰਗੂ

ਪਟਿਆਲਾ, 23 ਸਤੰਬਰ 

ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਵਿਰੋਧੀ ਬਿੱਲਾਂ ਅਤੇ ਇਸ ਦੌਰਾਨ ਆੜ੍ਹਤੀਆਂ ਨੂੰ ਵਿਚੋਲੀਏ ਦੱਸ ਕੇ ਲਾਂਭੇ ਕਰਨ ਦੀ ਕੀਤੀ ਗਈ ਟਿੱਪਣੀ ਤੋਂ ਭੜਕੇ ਆੜ੍ਹਤੀਆਂ ਨੇ ਵੀ ਆੜ੍ਹਤੀ ਐਸੋਸੀਏਸ਼ਨ ਨਵੀਂ ਅਨਾਜ ਮੰਡੀ ਪਟਿਆਲਾ ਦੇ ਪ੍ਰਧਾਨ ਹਰਜੀਤ ਸਿੰਘ ਸ਼ੇਰੂ ਦੀ ਅਗਵਾਈ ਹੇਠਾਂ ਕੇਂਦਰ ਸਰਕਾਰ ਖ਼ਿਲਾਫ਼ ਤਿੱਖਾ ਰੋਸ ਪ੍ਰਦਰਸ਼ਨ ਕੀਤਾ। ਜਿਸ ਦੌਰਾਨ ਪਤਲਾ ਫੂਕਦਿਆਂ ਪ੍ਰਧਾਨ ਮੰਤਰੀ ਮੋਦੀ ਖ਼ਿਲਾਫ਼ ਖੂਬ ਪਿੱਟ ਸਿਆਪਾ ਕੀਤਾ ਗਿਆ। ਇਸ ਮੌਕੇ ਹਰਦੇਵ ਸਿੰਘ ਨੰਦਪੁਰਕੇਸ਼ੋਂ, ਰਣਧੀਰ ਸਿੰਘ ਲਲੀਨਾ, ਦਰਬਾਰਾ ਸਿੰਘ ਜਾਹਲ਼ਾਂ, ਰਕੇਸ਼ ਭਾਨਰਾ, ਪਰਗਟ ਜਾਹਲ਼ਾਂ, ਸੁਰਜੀਤ ਸਿੰਘ ਦੌਣਕਲਾਂ, ਖਰਦਮਣ ਰਾਏ ਗੁਪਤਾ, ਅਸ਼ੋਕ ਕੁਮਾਰ ਮੋਢੀ, ਚਰਨਦਾਸ ਗੋਇਲ, ਨਰੇਸ਼ ਭੋਲਾ, ਕ੍ਰਿਸ਼ਨ  ਚੰਦ ਗੁਪਤਾ, ਤੀਰਥ ਬਾਂਸਲ ਸਮੇਤ ਹੋਰ ਆੜ੍ਹਤੀ ਵੀ ਮੌਜੂਦ ਸਨ। ਆੜ੍ਹਤੀਆਂ ਨੇ ਐਲਾਨ ਕੀਤਾ ਕਿ ਬਿੱਲਾਂ ਵਾਲਾ ਮਾਰੂ ਫੈਸਲਾ ਲੈਣ ਵਾਲ਼ੀ ਭਾਜਪਾ ਦੇ ਕਿਸੇ ਵੀ ਲੀਡਰ ਨੂੰ ਆੜ੍ਹਤੀ ਵਰਗ ਇਸ ਮੰਡੀ ’ਚ ਨਹੀਂ ਫੜਕਣ ਦੇਣਗੇ। ਉਨ੍ਹਾਂ ਨੇ ਭਾਜਪਾ ਕਾਰਕੁਨਾਂ ਨੂੰ ਅਨਾਜ ਮੰਡੀਆਂ ਤੋਂ ਦੂਰ ਰਹਿਣ ਦੀ ਚੇਤਾਵਨੀ ਦਿੱਤੀ। 

ਸੰਬੋਧਨ ਦੌਰਾਨ ਪ੍ਰਧਾਨ ਸ਼ੇਰੂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਵਿਚੋਲੀਏ ਕਹਿ ਕੇ ਆੜ੍ਹਤੀ ਵਰਗ ਦਾ ਅਪਮਾਨ ਕੀਤਾ ਹੈ। ਜਦੋਂਕਿ ਕਿਸਾਨਾ ਅਤੇ ਆੜ੍ਹਤੀਆਂ ਦਰਮਿਆਨ ਨਹੁੰ ਮਾਸ ਵਾਲ਼ਾ ਰਿਸ਼ਤਾ ਹੈ ਤੇ ਕੇਂਦਰੀ  ਹਕੂਮਤ ਦਾ ਇਹ ਰਵੱਈਆ ਇਸ ਰਿਸ਼ਤੇ ’ਚ ਤਰੇੜਾਂ ਪਾਉਣ ਦੇ ਤੁੱਲ ਹੈ। ਪਰ ਕਿਸਾਨ-ਆੜ੍ਹਤੀ ਦੇ ਰਿਸ਼ਤੇ ’ਤੇ ਕੇਂਦਰ ਦੇ ਅਜਿਹੇ ਮਾਰੂ ਹਮਲੇ ਵੀ ਕੋਈ ਅਸਰ ਨਹੀਂ ਪਾ ਸਕਣਗੇ। ਉਂਂਜ ਉਨ੍ਹਾਂ ਨੇ ਨਾਲ ਹੀ  ਕਿਹਾ ਕਿ ਕੇਂਦਰ ਦੇ ਫੈਸਲੇ ਨਾਲ਼ ਮੁਨੀਮਾ ਤੇ ਮੰਡੀ ਮਜ਼ਦੂਰਾਂ ਸਮੇਤ ਅਨੇਕਾਂ ਹੋਰ ਵਰਗਾਂ ਨੂੰ ਵੀ ਇਸ ਦੀ ਗਹਿਰੀ ਮਾਰ ਝੱਲਣੀ ਪਵੇਗੀ। 

ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ) ਅੱਜ ਇੱਥੋਂ ਨੇੜਲੇ ਪਿੰਡ ਆਲੋਅਰਖ ਵਿੱਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਅਤੇ ਆਮ ਆਦਮੀ ਪਾਰਟੀ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਆਗੂ ਅਵਤਾਰ ਸਿੰਘ ਆਲੋਅਰਖ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਇਕਾਈ ਪ੍ਰਧਾਨ ਅਜਮੇਰ ਸਿੰਘ ਆਲੋਅਰਖ, ਹਰਬੰਸ ਸਿੰਘ ਫੌਜੀ, ਲੋਕਲ ਗੁਰਦੁਆਰਾ ਪਰਬੰਕ ਕਮੇਟੀ ਦੇ ਪ੍ਰਧਾਨ ਗੁਰਦਿੱਤ ਸਿੰਘ ਆਲੋਅਰਖ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਆਰਡੀਨੈਂਸਾਂ ਨੇ ਕਿਸਾਨਾਂ ਅਤੇ ਮਜ਼ਦੂਰਾਂ ਸਮੇਤ ਪੰਜਾਬ ਦੀ ਸਮੁੱਚੀ ਆਰਥਿਕਤਾ ਨੂੰ ਤਬਾਹ ਕਰਕੇ ਰੱਖ ਦੇਣਗੇ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਵੱਡੇ ਘਰਾਣਿਆਂ ਨੂੰ ਬੜਾਵਾ ਦੇ ਰਹੀ ਹੈ ਅਤੇ ਆਮ ਲੋਕਾਂ ਦੀ ਬਰਬਾਦੀ ਕਰ ਰਹੀ ਹੈ। ਰੋਸ ਪ੍ਰਦਰਸ਼ਨ ਵਿੱਚ ਮੀਤ ਪ੍ਰਧਾਨ ਗੁਰਿੰਦਰ ਸਿੰਘ ਫੌਜੀ, ਗੁਰਦੀਪ ਸਿੰਘ ਆਲੋਅਰਖ, ਜਗਦੇਵ ਸਿੰਘ ਭੱਟੀ, ਗਾਉਸਾਲਾ ਆਲੋਅਰਖ ਦੇ ਪ੍ਰਧਾਨ ਦਰਸ਼ਨ ਸਿੰਘ, ਗੁਰਮੀਤ ਸਿੰਘ ਅਤੇ ਬਲਕਾਰ ਸਿੰਘ ਵੀ ਸ਼ਾਮਲ ਸਨ।

ਕਿਸਾਨ ਵਿਰੋਧੀ ਬਿੱਲਾਂ ਖ਼ਿਲਾਫ ਕੈਂਟਰ ਚਾਲਕਾਂ ਨੇ ਮੋਦੀ ਦਾ ਪੁਤਲਾ ਫ਼ੂਕਿਆ

ਰਾਜਪੁਰਾ (ਪੱਤਰ ਪ੍ਰੇਰਕ) ਇੱਥੋਂ ਦੇ ਟਾਹਲੀ ਵਾਲਾ ਚੌਕ ਵਿੱਚ ਨਿਊ ਪਬਲਿਕ ਕੈਂਟਰ ਸੁਸਾਇਟੀ ਵੱਲੋਂ ਇਸ ਦੇ ਆਗੂਆਂ ਬਲਵਿੰਦਰ ਸਿੰਘ ਕੋਟਲਾ ਤੇ ਜਗਵੀਰ ਸਿੰਘ ਨਾਗਰਾ ਦੀ ਅਗਵਾਈ ਵਿੱਚ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਬਿੱਲਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਕੇ ਮੋਦੀ ਸਰਕਾਰ ਦਾ ਪੁਤਲਾ ਸਾੜਿਆ ਗਿਆ। ਇਸ ਮੌਕੇ ਕੈਂਟਰ ਚਾਲਕਾਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਕੈਂਟਰ ਸੁਸਾਇਟੀ ਦੇ ਆਗੂਆਂ ਨੇ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ ਵਿਰੋਧੀ ਬਿੱਲਾਂ ਕਾਰਨ ਪੰਜਾਬ ਦਾ ਕਿਸਾਨ, ਆੜ੍ਹਤੀ, ਮਜ਼ਦੂਰ ਤੇ ਮੰਡੀਆ ਨਾਲ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਜੁੜੇ ਹਜ਼ਾਰਾਂ ਲੋਕਾਂ ਦਾ ਰੁਜ਼ਗਾਰ ਖੁੱਸਣ ਕਾਰਨ ਪੰਜਾਬ ਦੀ ਆਰਥਿਕਤਾ ’ਤੇ ਮਾੜਾ ਪ੍ਰਭਾਵ ਪਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਪੰਜਾਬ ਦੇ ਕਿਸਾਨਾਂ ਨੂੰ ਖਤਮ ਕਰਨ ਦੇ ਰਾਹ ’ਤੇ ਤੁਰ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਕਿਸਾਨ ਵਿਰੋਧੀ ਬਿੱਲ ਤੁਰੰਤ ਰੱਦ ਕੀਤੇ ਜਾਣ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All