ਪੱਤਰ ਪ੍ਰੇਰਕ
ਸਮਾਣਾ, 1 ਜੂਨ
ਸਮਾਣਾ ਦੇ ਸਮੂਹ ਆੜ੍ਹਤੀਆਂ ਨੇ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਸੱਦੇ ਅਨੁਸਾਰ ਪੰਜਾਬ ਸਰਕਾਰ ਵੱਲੋਂ ਮੂੰਗੀ ਦੀ ਫ਼ਸਲ ਸਿੱਧੇ ਤੌਰ ’ਤੇ ਸੁਸਾਇਟੀਆਂ ਰਾਹੀਂ ਖ਼ਰੀਦ ਕਰਨ ਦੇ ਰੋਸ ਵਜੋਂ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਰੋਸ ਜ਼ਾਹਿਰ ਕੀਤਾ।
ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਪਵਨ ਬਾਂਸਲ ਨੇ ਪੰਜਾਬ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਆਪ ਸਰਕਾਰ ਨੇ ਵੱਧ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਦੇਣ ਲਈ ਸਰਮਾਏਦਾਰਾਂ ਦਾ ਕੰਮ ਵੰਡ ਕੇ ਹਰ ਇਨਸਾਨ ਨੂੰ ਦੇਣ ਦਾ ਦਾਅਵਾ ਕੀਤਾ ਸੀ, ਪਰ ਹੁਣ ਸਰਕਾਰ ਮੂੰਗੀ ਦੀ ਸਿੱਧੀ ਖਰੀਦ ਕਰ ਕੇ ਆੜ੍ਹਤੀਆਂ ਦਾ ਰੁਜ਼ਗਾਰ ਖੋਹ ਰਹੀ ਹੈ। ਉਨ੍ਹਾਂ ਸ਼ੰਕਾ ਜ਼ਾਹਿਰ ਕੀਤੀ ਕਿ ਅੱਜ ਮੂੰਗੀ ਦੀ ਫ਼ਸਲ ਤੋਂ ਸ਼ੁਰੂ ਕਰਕੇ ਅੱਗੇ ਹੌਲੀ-ਹੌਲੀ ਸਾਰੀਆਂ ਫ਼ਸਲਾਂ ਦੀ ਖ਼ਰੀਦ ਸਿੱਧੀ ਕਰ ਸਕਦੀ ਹੈ ਜਿਸ ਦਾ ਸਮੂਹ ਆੜ੍ਹਤੀ ਸਖ਼ਤ ਵਿਰੋਧ ਕਰਦੇ ਹਨ। ਇਸ ਲਈ 10 ਜੂਨ ਦੇ ਧਰਨੇ ਵਿਚ ਵੱਧ ਤੋਂ ਵੱਧ ਆੜ੍ਹਤੀ ਸ਼ਾਮਲ ਹੋਣਗੇ। ਇਸ ਮੌਕੇ ਪਵਨ ਧੂਰੀ, ਸੰਜੇ ਕਕਰਾਲਾ, ਰਾਜ ਕੁਮਾਰ, ਦੀਪਕ ਸਿੰਗਲਾ, ਮੁਕੇਸ਼ ਸਿੰਗਲਾ, ਗਿਆਨ ਚੰਦ, ਵਿਜੈ ਅੱਗਰਵਾਲ ਆਦਿ ਮੌਜੂਦ ਸਨ।