ਗੁਰਨਾਮ ਸਿੰਘ ਅਕੀਦਾ
ਪਟਿਆਲਾ, 2 ਮਾਰਚ
ਕੁੱਲ ਹਿੰਦ ਅੰਤਰ-ਯੂਨੀਵਰਸਿਟੀ ਤੀਰਅੰਦਾਜ਼ੀ ਮੁਕਾਬਲਿਆਂ ਵਿਚ ਪੰਜਾਬੀ ਯੂਨੀਵਰਸਿਟੀ ਦੇ ਓਵਰਆਲ ਚੈਂਪੀਅਨ ਬਣਨ ਉਪਰੰਤ ਟੀਮ ਦੇ ਯੂਨੀਵਰਸਿਟੀ ਵਿੱਚ ਵਾਪਸ ਪਰਤਣ ’ਤੇ ਉਪ ਕੁਲਪਤੀ ਪ੍ਰੋ. ਅਰਵਿੰਦ ਅਤੇ ਸਮੂਹ ਖੇਡ ਵਿਭਾਗ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਡਾਇਰੈਕਟਰ ਸਪੋਰਟਸ ਡਾ. ਗੁਰਦੀਪ ਕੌਰ ਰੰਧਾਵਾ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿਚ ਯੂਨੀਵਰਸਿਟੀ ਨੇ 8 ਸੋਨੇ, 4 ਚਾਂਦੀ ਅਤੇ 5 ਕਾਂਸੀ ਦੇ ਤਗਮੇ ਪ੍ਰਾਪਤ ਕਰਕੇ ਓਵਰਆਲ ਟਰਾਫ਼ੀ ਆਪਣੇ ਨਾਮ ਕਰਨ ਦਾ ਮਾਣ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਪਹਿਲਾਂ ਇਹ ਟਰਾਫ਼ੀ 11 ਵਰ੍ਹੇ ਯੂਨੀਵਰਸਿਟੀ ਕੋਲ ਰਹੀ ਅਤੇ 2019-20 ਵਿਚ ਬਾਹਰਲੀ ਯੂਨੀਵਰਸਿਟੀ ਕੋਲ ਚਲੀ ਗਈ ਸੀ ਪਰ ਯੂਨੀਵਰਸਿਟੀ ਅਥਾਰਿਟੀ ਵੱਲੋਂ ਵਿਭਾਗ ਨੂੰ ਦਿੱਤੇ ਸਹਿਯੋਗ ਸਦਕਾ ਪੰਜਾਬੀ ਯੂਨੀਵਰਸਿਟੀ ਇਹ ਟਰਾਫ਼ੀ ਆਪਣੇ ਵਿਹੜੇ ਵਿਚ ਮੁੜ ਲਿਆਉਣ ਵਿਚ ਸਫਲ ਹੋਈ ਹੈ, ਜਿਸ ਦੇ ਲਈ ਵਾਈਸ ਚਾਂਸਲਰ ਅਤੇ ਅਥਾਰਿਟੀ ਦੇ ਨੁਮਾਇੰਦੇ ਵਧਾਈ ਦੇ ਪਾਤਰ ਹਨ। ਪ੍ਰੋ. ਅਰਵਿੰਦ ਵੱਲੋਂ ਖਿਡਾਰੀਆਂ ਅਤੇ ਟੀਮ ਨਾਲ ਗਏ ਸੁਰਿੰਦਰ ਸਿੰਘ, ਗੌਰਵ ਸ਼ਰਮਾ ਅਤੇ ਦਲ ਸਿੰਘ ਬਰਾੜ ਨੂੰ ਉਚੇਚੇ ਤੌਰ ’ਤੇ ਵਧਾਈ ਦਿੱਤੀ ਅਤੇ ਵਿਭਾਗ ਨੂੰ ਭਵਿੱਖ ਵਿਚ ਵੀ ਅਥਾਰਿਟੀ ਵੱਲੋਂ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਇਸ ਮੌਕੇ ਪੰਜਾਬ ਆਰਚਰੀ ਐਸੋਸੀਏਸ਼ਨ ਦੇ ਸਕੱਤਰ ਆਰ.ਕੇ. ਬਾਲੀ ਵੀ ਉਚੇਚੇ ਤੌਰ ’ਤੇ ਸ਼ਾਮਲ ਹੋਏ।