ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 16 ਅਗਸਤ
ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ ਦੀ ਵਿਦਿਆਰਥਣ ਪਰਨੀਤ ਕੌਰ ਨੇ ਪੋਲੈਂਡ ਦੇ ਸ਼ਹਿਰ ਵਰਾਕਲਾ ਵਿਖੇ ਹੋਈ ਵਿਸ਼ਵ ਜੂਨੀਅਰ ਤੀਰ-ਅੰਦਾਜ਼ੀ ਚੈਂਪੀਅਨਸ਼ਿਪ ਦੇ ਕੰਪਾਉਂਡ ਵਰਗ ’ਚੋਂ ਸੋਨ ਤੇ ਕਾਂਸੀ ਦਾ 1-1 ਤਗਮਾ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ। ਸਕੂਲ ਦੇ ਪ੍ਰਿੰਸੀਪਲ ਤੋਤਾ ਸਿੰਘ ਚਹਿਲ ਨੈਸ਼ਨਲ ਐਵਾਰਡੀ ਨੇ ਦੱਸਿਆ ਕਿ ਕੋਚ ਸੁਰਿੰਦਰ ਸਿੰਘ ਰੰਧਾਵਾ ਦੀ ਸ਼ਾਗਿਰਦ ਪਰਨੀਤ ਕੌਰ ਪੁੱਤਰੀ ਅਵਤਾਰ ਸਿੰਘ ਮੰਢਾਲੀ ਨੇ ਉਕਤ ਵਿਸ਼ਵ ਚੈਪੀਅਨਸ਼ਿਪ ’ਚ ਮਾਅਰਕਾ ਮਾਰਿਆ ਹੈ। ਗਿਆਰਵੀਂ ਜਮਾਤ ਦੀ ਵਿਦਿਆਰਥਣ ਪਰਨੀਤ ਕੌਰ ਨੇ 2100 ’ਚੋਂ 2067 ਅੰਕ ਪ੍ਰਾਪਤ ਕਰਕੇ ਨਵਾਂ ਵਿਸ਼ਵ ਕੀਰਤੀਮਾਨ ਵੀ ਬਣਾਇਆ। ਪਿ੍ਰੰਸੀਪਲ ਚਹਿਲ ਨੇ ਕਿਹਾ ਕਿ ਤੀਰਅੰਦਾਜ਼ ਪਰਨੀਤ ਕੌਰ ਤੇ ਉਸ ਦੇ ਕੋਚ ਸੁਰਿੰਦਰ ਸਿੰਘ ਰੰਧਾਵਾ ਦਾ ਪਟਿਆਲਾ ਪੁੱਜਣ ‘ਤੇ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ ਅਤੇ ਸਕੂਲ ‘ਚ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।