ਸਰਬਜੀਤ ਸਿੰਘ ਭੰਗੂ
ਪਟਿਆਲਾ, 30 ਮਈ
ਨਗਰ ਨਿਗਮ ਦੇ ਕਮਿਸ਼ਨਰ ਅਦਿੱਤਿਆ ਉੱਪਲ ਨੇ ਨਗਰ ਨਿਗਮ ਦੀਆਂ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦੇ ਹੁਕਮ ਜਾਰੀ ਕੀਤੇ ਹਨ ਜਿਸ ਤਹਿਤ ਅੱਜ ਨਿਗਮ ਦੀ ਲੈਂਡ ਬ੍ਰਾਂਚ ਨੇ ਕਾਰਵਾਈ ਨੂੰ ਅੰਜਾਮ ਦਿੰਦਿਆਂ, ਪਟਿਆਲਾ ਸ਼ਹਿਰ ਦੇ ਪੈਰਾਂ ’ਚ ਵਸੇ ਪਿੰਡ ਅਰਾਈ ਮਾਜਰਾ ਵਿਖੇ ਨਿਗਮ ਦੀ ਚਾਰ ਕਨਾਲ ਜ਼ਮੀਨ ’ਤੇ ਬਣੀਆਂ ਚਾਰ ਨਾਜਾਇਜ਼ ਇਮਾਰਤਾਂ ’ਤੇ ਪੀਲੇ ਪੰਜਾ ਚਲਾ ਕੇ ਇਨ੍ਹਾਂ ਨੂੰ ਢਾਹੁਣ ਲਈ ਸਬੰਧਤ ਲੋਕਾਂ ਨੂੰ ਨੋਟਿਸ ਜਾਰੀ ਕੀਤੇ।
ਲੈਂਡ ਸ਼ਾਖਾ ਦੇ ਇੰਚਾਰਜ ਸੁਪਰਡੈਂਟ ਸੁਰਜੀਤ ਸਿੰਘ ਚੀਮਾ ਨੇ ਦੱਸਿਆ ਕਿ ਸਨੌਰ ਰੋਡ ਨਾਲ ਲੱਗਦੇ ਪਿੰਡ ਅਰਾਈ ਮਾਜਰਾ ਵਿੱਚ ਵੱਡੀ ਨਦੀ ਦੀ ਸੜਕ ਦੇ ਨਾਲ ਨਿਗਮ ਦੀ ਚਾਰ ਕਨਾਲ ਜ਼ਮੀਨ ਹੈ ਜਿਸ ’ਤੇ ਨਾਜਾਇਜ਼ ਤੌਰ ’ਤੇ ਕਾਬਜ਼ ਵਿਅਕਤੀਆਂ ਨੂੰ ਨੋਟਿਸ ਜਾਰੀ ਕਰਨ ਸਮੇਤ ਖਾਲੀ ਪਈ ਇਸ ਬਹੁ ਕੀਮਤੀ ਜ਼ਮੀਨ ’ਤੇ ਨਿਗਮ ਦੀ ਮਾਲਕੀ ਸਬੰਧੀ ਹੱਕ ਦਾ ਬੋਰਡ ਵੀ ਲਗਾ ਦਿੱਤਾ। ਉਨ੍ਹਾਂ ਹੋਰ ਦੱਸਿਆ ਕਿ ਅਰਾਈ ਮਾਜਰਾ ਤੋਂ ਤੇਜਬਾਗ ਕਲੋਨੀ ਨੂੰ ਜਾਂਦੀ ਸੜਕ ’ਤੇ ਨਿਗਮ ਦੀ ਜ਼ਮੀਨ ’ਤੇ ਬਣੇ ਨਾਜਾਇਜ ਕਾਰ ਗੈਰਾਜ ਅਤੇ ਚਾਰ ਹੋਰ ਕਮਰਿਆਂ ਨੂੰ ਨਿਗਮ ਨੇ ਢਾਹ ਦਿੱਤਾ। ਉਂਜ ਸਥਾਨਕ ਲੋਕਾਂ ਨੇ ਨਿਗਮ ਦੀ ਇਸ ਕਾਰਵਾਈ ਦਾ ਵਿਰੋਧ ਵੀ ਕੀਤਾ ਅਤੇ ਨਿਗਮ ’ਤੇ ਉਨ੍ਹਾਂ ਨਾਲ ਵਧੀਕੀ ਕਰਨ ਦੇ ਇਲਜ਼ਾਮ ਵੀ ਲਾਏ। ਪਰ ਨਿਗਮ ਟੀਮ ਦਾ ਤਰਕ ਸੀ ਕਿ ਨਿਗਮ ਨੇ ਪੂਰੀ ਤਰ੍ਹਾਂ ਦਾਇਰੇ ’ਚ ਰਹਿੰਦਿਆਂ ਹੀ ਅਜਿਹੀ ਕਾਰਵਾਈ ਅਮਲ ’ਚ ਲਿਆਂਦੀ ਹੈ। ਉਨ੍ਹਾਂ ਕਿਹਾ ਕਿ ਮਾਲ ਰਿਕਾਰਡ ਵਿੱਚ ਖਸਰਾ ਨੰਬਰ 35 ਅਤੇ 51/1 ਵਿੱਚ ਜ਼ਮੀਨ ਦੀ ਮਾਲਕੀ ਨਿਗਮ ਦੇ ਨਾਮ ਹੈ ਅਤੇ ਕਈ ਸਾਲਾਂ ਤੋਂ ਲੋਕਾਂ ਨੇ ਕਬਜ਼ਾ ਕਰਕੇ ਇਸ ਨੂੰ ਆਪਣੀ ਜ਼ਮੀਨ ਦੱਸਣਾ ਸ਼ੁਰੂ ਕਰ ਦਿੱਤਾ ਸੀ। ਕੁਝ ਨੇ ਤਾਂ ਉਸਾਰੀ ਕਰਨ ਸਮੇਤ ਬਿਜਲੀ ਦਾ ਕੁਨੈਕਸ਼ਨ ਵੀ ਲੈ ਲਿਆ ਸੀ।
ਜਾਣਕਾਰੀ ਅਨੁਸਾਰ ਪਛਾਣੀਆਂ ਗਈਆਂ ਨਾਜਾਇਜ਼ ਕਬਜੇ ਹੇਠਲੀਆਂ ਨਿਗਮ ਦੀਆਂ 13 ਥਾਵਾਂ/ਜ਼ਮੀਨਾਂ ਨੂੰ ਖਾਲੀ ਕਰਨ ਦਾ ਕੰਮ ਤੇਜ਼ੀ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ। ਕਰੋੜਾਂ ਰੁਪਏ ਦੀਆਂ ਇਹ ਜ਼ਮੀਨਾਂ ਖਾਲੀ ਕਰਵਾਉਣ ਤੋਂ ਬਾਅਦ ਨਿਗਮ ਇਨ੍ਹਾਂ ਨੂੰ ਆਪਣੀ ਸਹੂਲਤ ਅਨੁਸਾਰ ਵਿਕਸਤ ਕਰੇਗਾ। ਨਾਭਾ, ਭਾਦਸੋਂ, ਸਨੌਰ, ਰਾਜਪੁਰ ਤੇ ਸਰਹਿੰਦ ਰੋਡ ਆਦਿ ਦੇ ਆਸ-ਪਾਸ ਸਥਿਤ ਪਈ ਨਿਗਮ ਦੀ ਜ਼ਮੀਨ ਰਜਿਸਟਰ ਅਨੁਸਾਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।