ਪੱਤਰ ਪ੍ਰੇਰਕ
ਰਾਜਪੁਰਾ, 12 ਨਵੰਬਰ
ਪੈਪਸੂ ਨਗਰ ਵਿਕਾਸ ਬੋਰਡ ਰਾਜਪੁਰਾ ਦੀ ਵਰਚੁਅਲ ਮੀਟਿੰਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਹੋਈ। ਇਸ ਮੀਟਿੰਗ ਦੌਰਾਨ ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਵੱਲੋਂ ਕੀਤੇ ਗਏ ਉਪਰਾਲੇ ਸਦਕਾ ਮੁੱਖ ਮੰਤਰੀ ਨੇ ਖੁੱਲ੍ਹ ਦਿੱਲੀ ਦਾ ਪ੍ਰਗਟਾਵਾ ਕਰਦਿਆਂ ਰਾਜਪੁਰਾ ਦੀਆਂ ਵੱਡੀ ਗਿਣਤੀ ਅਣਅਧਿਕਾਰਤ ਰਿਹਾਇਸ਼ੀ ਕਲੋਨੀਆਂ ਨੂੰ ਪੱਕਾ ਕਰਨ ਅਤੇ ਹੋਰ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਨੂੰ ਪ੍ਰਵਾਨਗੀ ਦਿੱਤੀ। ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਦੱਸਿਆ ਕਿ ਰਾਜਪੁਰਾ ਦੇ ਬਰਸਾਤੀ ਪਾਣੀ ਦੇ ਨਾਲੇ ਪੱਕੇ ਕਰਨ ਨੂੰ ਪ੍ਰਵਾਨਗੀ ਦਿੱਤੀ ਗਈ, ਜਿਸ ’ਤੇ ਖਰਚਾ ਪੈਪਸੂ ਨਗਰ ਵਿਕਾਸ ਬੋਰਡ ਰਾਜਪੁਰਾ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਐੱਸਡੀਐੱਮ ਰਾਜਪੁਰਾ ਦੀ ਪੁਰਾਣੀ ਰਿਹਾਇਸ਼, ਡੀਐੱਸਪੀ ਰਾਜਪੁਰਾ ਅਤੇ ਤਹਿਸੀਲਦਾਰ ਰਾਜਪੁਰਾ ਦੀਆਂ ਨਵੀਆਂ ਰਿਹਾਇਸ਼ਾਂ ਉਪ ਮੰਡਲ ਮਜਿਸਟ੍ਰੇਟ ਦੀ ਮੌਜੂਦਾ ਰਿਹਾਇਸ਼ ਨੇੜੇ ਪਈ ਬੋਰਡ ਦੀ ਜ਼ਮੀਨ ’ਤੇ ਬਣਾਉਣ ਦੀ ਪ੍ਰਵਾਨਗੀ ਦਿੱਤੀ ਗਈ। ਇਸ ਤੋਂ ਇਲਾਵਾ ਪੁਰਾਣਾ ਗਣੇਸ਼ ਨਗਰ ਵਿੱਚ ਗੁਰਦੁਆਰੇ ਨੇੜੇ ਰਹਿੰਦੇ ਲੋਕਾਂ ਦੀ ਮੰਗ ਮੁਤਾਬਕ ਤਿੰਨ ਸੜਕਾਂ ਬਣਾਉਣ ਸਣੇ ਹੋਰ ਕਈ ਕਾਰਜਾਂ ਨੂੰ ਪ੍ਰਵਾਨਗੀ ਦਿੱਤੀ ਗਈ।