ਖੇਤਰੀ ਪ੍ਰਤੀਨਿਧ
ਪਟਿਆਲਾ, 23 ਅਗਸਤ
ਲਾਈਨਮੈਨ ਅਤੇ ਸਹਾਇਕ ਲਾਈਨਮੈਨ ਦੀ ਭਰਤੀ ਲਈ ‘ਆਪ’ ਸਰਕਾਰ ਵੱਲੋਂ ਰੱਖੀ ਗਈ ਟੈਸਟ ਲੈਣ ਦੀ ਸ਼ਰਤ ਦੇ ਵਿਰੋਧ ’ਚ 27 ਜੁਲਾਈ ਤੋਂ ਪਾਵਰਕੌਮ ਦੇ ਇੱਥੇ ਸਥਿਤ ਮੁੱਖ ਦਫ਼ਤਰ ਦੇ ਸਾਹਮਣੇ ਪੱਕਾ ਮੋਰਚਾ ਲਾ ਕੇ ਬੈਠੇ ਅਪ੍ਰੈਂਟਿਸ ਲਾਈਨਮੈਨ ਯੂਨੀਅਨ ਦੇ ਨੁਮਾਇੰਦੇ ਜਬਰੀ ਪਾਵਰਕੌਮ ਦੇ ਦਫ਼ਤਰੀ ਕੰਪਲੈਕਸ ਅੰਦਰ ਜਾ ਵੜੇ। ਇਸ ਦੌਰਾਨ ਗੇਟ ਦੇ ਅੰਦਰਲੇ ਪਾਸੇ ਧਰਨਾ ਮਾਰ ਕੇ ਬੈਠ ਗਏ। ਇਸ ਦੌਰਾਨ ਭਾਵੇਂ ਪਾਵਰਕੌਮ ਮੈਨੇਜਮੈਂਟ ਨੂੰ ਪੁਲੀਸ ਦਾ ਸਹਾਰਾ ਵੀ ਲੈਣਾ ਪਿਆ, ਪਰ ਇਸ ਦੇ ਬਾਵਜੂਦ ਪ੍ਰਦਰਸ਼ਨਕਾਰੀਆਂ ਨੇ ਆਪਣਾ ਧਰਨਾ ਜਾਰੀ ਰੱਖਿਆ। ਉਂਜ, ਇਹ ਧਰਨਾ ਗੇਟ ਤੋਂ ਹਟਵਾਂ ਹੋਣ ਕਰਕੇ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਨੂੰ ਅੰਦਰ ਬਾਹਰ ਆਓਣ ਜਾਣ ’ਚ ਕੋਈ ਦਿੱਕਤ ਨਹੀਂ ਸੀ ਆ ਰਹੀ।
ਯੂਨੀਅਨ ਦੇ ਪ੍ਰਧਾਨ ਰਾਕੇਸ਼ ਕੁਮਾਰ ਤੇ ਮੀਤ ਪ੍ਰਧਾਨ ਮਲਕੀਤ ਸਿੰਘ ਦਾ ਕਹਿਣਾ ਸੀ ਕਿ 1690 ਸਹਾਇਕ ਲਾਈਨਮੈਨ ਦੀਆਂ ਕੱਢੀਆਂ ਗਈਆਂ ਪੋਸਟਾਂ ਵਿੱਚ ਹੁਣ ਜਬਰੀ ਪੇਪਰ ਵੀ ਰੱਖ ਦਿੱਤਾ ਗਿਆ ਹੈ ਜਦਕਿ ਪਹਿਲਾਂ ਅਜਿਹੀ ਭਰਤੀ ਕੇਵਲ ਅਪਰੈਂਟਿਸਸ਼ਿਪ ਵਿਚਲੀ ਮੈਰਿਟ ਦੇ ਆਧਾਰ ’ਤੇ ਹੀ ਹੁੰਦੀ ਸੀ। ਉਹ ਇਹ ਟੈਸਟ ਦੀ ਸ਼ਰਤ ਵਾਪਸ ਕਰਵਾਉਣ ਅਤੇ ਉਮਰ ਹੱਦ ਵਧਾਉਣ ਸਮੇਤ ਕੁਝ ਹੋਰ ਮੰਗਾਂ ਦੀ ਪੂਰਤੀ ਨੂੰ ਲੈ ਕੇ 27 ਜੁਲਾਈ ਤੋਂ ਲਗਾਤਾਰ ਇੱਥੇ ਧਰਨੇ ’ਤੇ ਬੈਠੇ ਹਨ ਪਰ ਸਰਕਾਰ ਵੱਲੋਂ ਕੋਈ ਵੀ ਅਮਲ ਨਹੀਂ ਕੀਤਾ ਜਾ ਰਿਹਾ। ਇਸ ਦੌਰਾਨ ਯੂਨੀਅਨ ਦੇ ਕੁਝ ਨੁਮਾਇੰਦੇ ਪਿਛਲੇ ਦਿਨੀਂ ਪਾਵਰਕੌਮ ਨੇੜਲੀ ਇੱਕ ਪਾਣੀ ਵਾਲੀ ਟੈਂਕੀ ’ਤੇ ਵੀ ਜਾ ਚੜ੍ਹੇ ਸਨ, ਪਰ ਮੰਗਾਂ ਦੀ ਪੂਰਤੀ ਦੇ ਭਰੋਸੇ ਮਗਰੋਂ ਹੇਠਾਂ ਉਤਰ ਆਏ ਸਨ। ਹੁਣ ਜਦੋਂ ਵਾਅਦੇ ਦੀ ਪੂਰਤੀ ਨਾ ਹੋਈ ਤਾਂ ਉਹ ਅੱਜ ਜਬਰੀ ਦਫ਼ਤਰੀ ਕੰਪਲੈਕਸ ਦੇ ਅੰਦਰ ਜਾ ਵੜੇ।
ਇਸੇ ਦੌਰਾਨ ਯੂਨੀਅਨ ਦੇ ਛੇ ਮੈਂਬਰਾਂ ਦੀ ਭੁੱਖ ਹੜਤਾਲ ਅੱਜ ਪੰਜਵੇਂ ਦਿਨ ਵੀ ਜਾਰੀ ਰਹੀ ਜਦਕਿ 22 ਅਗਸਤ ਤੋਂ ਦੋ ਜਣੇ ਮਰਨ ਵਰਤ ’ਤੇ ਵੀ ਬੈਠ ਗਏ ਹਨ। ਇਸ ਮੌਕੇ ਜਗਸੀਰ ਸਿੰਘ, ਸੁਨੀਲ ਸਿੰਘ, ਕੁਲਵਿੰਦਰ ਸਿੰਘ, ਦੀਪਕ ਕੰਬੋਜ, ਸਰਬਜੀਤ ਸਿੰਘ, ਮਨਵਿੰਦਰ ਸਿੰਘ, ਬਲਜੀਤ ਕੁਮਾਰ ਤੇ ਅਨਿਲ ਕੁਮਾਰ ਮੌਜੂਦ ਸਨ।