ਖੇਤਰੀ ਪ੍ਰਤੀਨਿਧ
ਸਨੌਰ, 11 ਜੂਨ
ਸਨੌਰ ਲਈ ‘ਆਪ’ ਵੱਲੋਂ ਹਲਕਾ ਇੰਚਾਰਜ ਨਿਯੁਕਤ ਕੀਤੇ ਗਏ ਹਰਮੀਤ ਸਿੰਘ ਪਠਾਣਮਾਜਰਾ ਨੇ ਆਪਣੀਆਂ ਸਰਗਰਮੀਆਂ ਹੋਰ ਵਧਾ ਦਿੱਤੀਆਂ ਹਨ। ਉਹ ਮੁੱਖ ਰੂਪ ਵਿਚ ਭਾਵੇਂ ਕਿ ਅਕਾਲੀ ਪਿਛੋਕੜ ਵਾਲੇ ਹਨ। ਪਰ ਕੁਝ ਸਮਾਂ ਕਾਂਗਰਸ ’ਚ ਵੀ ਕੰਮ ਕੀਤਾ ਹੈ ਤੇ ਹੁਣ ਕੁਝ ਮਹੀਨਿਆਂ ਤੋਂ ‘ਆਪ’ ਵਜੋਂ ਸਰਗਰਮ ਹਨ। ਉਪਰੋਂ 2017 ’ਚ ਆਜ਼ਾਦ ਉਮੀਦਵਾਰਾਂ ਵਜੋਂ ਵਿਧਾਨ ਸਭਾ ਦੀ ਚੋਣ ਵੀ ਲੜ ਚੁੱਕੇ ਹਨ, ਜਿਸ ਦੇ ਚੱਲਦਿਆਂ ਹਲਕੇ ਦੇ ਤਕਰੀਬਨ ਹਰੇਕ ਪਿੰਡ ਵਿਚ ਹੀ ਉਨ੍ਹਾਂ ਦਾ ਕੋਈ ਨਾ ਕੋਈ ਵਾਕੁਫ਼ ਹੈ। ਇਸ ਤਹਿਤ ਹੀ ਉਹ ਆਪਣੇ ਜਾਣਕਾਰ ਪਰਿਵਾਰਾਂ ਨੂੰ ਹੁਣ ‘ਆਪ’ ਵੱਲ ਖਿੱਚ ਰਹੇ ਹਨ। ਅੱਜ ਵੀ ਉਨ੍ਹਾਂ ਨੇ ‘ਆਪ ਲਿਆਓ ਪੰਜਾਬ ਬਚਾਓ’ ’ਤੇ ਆਧਾਰਿਤ ਮੁਹਿੰਮ ਦੇ ਅਧੀਨ ਸਨੌਰ ‘ਨੇੜਲੇ ਪਿੰਡ ਬੌਸਰ ਕਲਾਂ ‘ਚ ਸਮਾਗਮ ਕਰਕੇ ਹੋਰਨਾਂ ਪਾਰਟੀਆਂ ਨਾਲ ਸਬੰਧਤ ਕਈ ਪਰਿਵਾਰਾਂ ਨੂੰ ‘ਆਪ’ ’ਚ ਸ਼ਾਮਲ ਕੀਤਾ। ਇਸ ਦੌਰਾਨ ਪਠਾਣਮਾਜਰਾ ਨੇ ਦੱਸਿਆ ਕਿ ‘ਆਪ’ ’ਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਵਿੱਚ ਹਰਬੰਸ ਸਿੰਘ, ਗੋਲਡੀ ਖਾਨ, ਗੁਰਸੇਵਕ ਸਿੰਘ, ਜਸਵੀਰ ਖਾਨ, ਪਾਲਾ ਰਾਮ, ਸੋਨੀ ਖਾਨ ਅਤੇ ਜੀਤ ਰਾਮ ਆਦਿ ਸ਼ਾਮਲ ਹਨ।
ਸਨੌਰ ਦੇ ਹਲਕਾ ਇੰਚਾਰਜ ਦਾ ਵਿਰੋਧ
ਸਨੌਰ (ਖੇਤਰੀ ਪ੍ਰਤੀਨਿਧ): ‘ਆਪ’ ਵੱਲੋਂ ਹਰਮੀਤ ਸਿੰਘ ਪਠਾਣਮਾਜਰਾ ਦੀ ਸਨੌਰ ਦੇ ਹਲਕਾ ਇੰਚਾਰਜ ਵਜੋਂ ਕੀਤੀ ਗਈ ਨਿਯੁਕਤੀ ਦਾ ਵਿਰੋਧ ਹੋਣ ਲੱਗਾ ਹੈ। ਸਨੌਰ ਤੋਂ ‘ਆਪ’ ਦੀ ਟਿਕਟ ਦੇ ਹੋਰ ਦਾਅਵੇਦਾਰ ਇੱਕਜੁਟ ਹੋ ਗਏ ਹਨ, ਜਿਨ੍ਹਾਂ ਨੇ ਅੱਜ ਸਮਰਥਕਾਂ ਸਮੇਤ ਮੀਟਿੰਗ ਕਰਕੇ ਨਿਯੁਕਤੀ ਲਈ ਅਪਣਾਏ ਢੰਗ ਤਰੀਕ ’ਤੇ ਨਾਖੁਸ਼ੀ ਦਾ ਇਜ਼ਹਾਰ ਕੀਤਾ। ਇਥੇ ਆਗੂਆਂ ਅਤੇ ਵਰਕਰਾਂ ਨੇ ਹਾਈਕਮਾਨ ਅੱਗੇ ਇਹ ਫੈਸਲਾ ਵਾਪਸ ਲਏ ਜਾਣ ਦੀ ਮੰਗ ਰੱਖੀ। ਸਨੌਰ ਤੋਂ ਹੀ ਇੰਦਰਜੀਤ ਸੰਧੂ, ਬਲਜਿੰਦਰ ਢਿੱਲੋਂ ਅਤੇ ਰਣਜੋਧ ਹੜਾਣਾ ਵੀ ‘ਆਪ’ ਦੀ ਟਿਕਟ ਦੇ ਪ੍ਰਮੁੱਖ ਦਾਅਵੇਦਾਰ ਹਨ। ਜਿਸ ਤਹਿਤ ਹੀ ਵਰਕਰ ਪਠਾਣਮਾਜਰਾ ਦੀ ਨਿਯੁਕਤੀ ਖ਼ਿਲਾਫ਼ ਇਕਜੁੱਟ ਹੋਏ ਹਨ।