ਪੱਤਰ ਪ੍ਰੇਰਕ
ਰਾਜਪੁਰਾ, 10 ਜੁਲਾਈ
ਸਿਹਤ ਵਿਭਾਗ ਵੱਲੋਂ ਅਪੰਗਤਾ ਸਰਟੀਫਿਕੇਟ ਜਾਰੀ ਕਰਨ ਮੌਕੇ ਕੀਤੀ ਜਾ ਰਹੀ ਖੱਜਲ ਖੁਆਰੀ ਦੇ ਰੋਸ ਵਜੋਂ ਅਪੰਗ ਸੁਅੰਗ ਲੋਕਮੰਚ (ਅਸੁਲ) ਵੱਲੋਂ 17 ਜੁਲਾਈ ਨੂੰ ਘਨੌਰ ਦੇ ਹਸਪਤਾਲ ਮੂਹਰੇ ਭੁੱਖ ਹੜਤਾਲ ’ਤੇ ਬੈਠਣ ਦਾ ਐਲਾਨ ਕੀਤਾ ਗਿਆ। ਇੱਥੇ ਅਪੰਗ ਸੁਅੰਗ ਲੋਕਮੰਚ ਇਕਾਈ ਘਨੌਰ ਦੀ ਮੀਟਿੰਗ ਆਗੂਆਂ ਓਮਕਾਰ ਸ਼ਰਮਾ ਸੋਗਲਪੁਰ, ਲਖਵਿੰਦਰ ਸਿੰਘ ਸਰਾਲਾ, ਬਲਜੀਤ ਸਿੰਘ ਹਰੀਮਾਜਰਾ ਅਤੇ ਸਤਨਾਮ ਸਿੰਘ ਊਂਟਸਰ ਦੀ ਅਗਵਾਈ ਵਿੱਚ ਕੀਤੀ ਗਈ।
ਬੁਲਾਰਿਆਂ ਨੇ ਆਖਿਆ ਕਿ ਸਿਹਤ ਵਿਭਾਗ ਵੱਲੋਂ ਅਪੰਗ ਵਿਅਕਤੀਆਂ ਨੂੰ ਅਪੰਗਤਾ ਸਰਟੀਫਿਕੇਟ ਜਾਰੀ ਕਰਨ ਲਈ ਪਹਿਲਾਂ ਸਿਵਲ ਹਸਪਤਾਲ ਅਤੇ ਫਿਰ ਉੱਥੋਂ ਪੀ.ਜੀ.ਆਈ ਰੈਫਰ ਕੀਤੇ ਜਾਣਾ, ਅਪੰਗ ਵਿਅਕਤੀਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਿਹਾ ਹੈ। ਇਸ ਕਾਰਨ ਲੰਘੇ ਹਫਤੇ ਅਪੰਗ ਸੁਅੰਗ ਲੋਕਮੰਚ ਵੱਲੋਂ ਤਰਸੇਮ ਸਿੰਘ ਨੂੰ ਅਪੰਗਤਾ ਸਰਟੀਫਿਕੇਟ ਰਾਜਪੁਰਾ ਜਾਂ ਪਟਿਆਲਾ ਦੇ ਸਰਕਾਰੀ ਹਸਪਤਾਲਾਂ ਤੋਂ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ਅਰੰਭੀ ਗਈ ਸੀ ਜਿਸ ’ਤੇ ਘਨੌਰ ਦੇ ਐਸ.ਐਮ.ਓ ਡਾ. ਕਿਰਨਜੋਤ ਕੌਰ ਉਪਲ ਵੱਲੋਂ 9 ਜੁਲਾਈ ਨੂੰ ਅਪੰਗਤਾ ਸਰਟੀਫਿਕੇਟ ਰਾਜਪੁਰਾ ਦੇ ਸਿਵਲ ਹਸਪਤਾਲ ਤੋਂ ਜਾਰੀ ਕਰਨ ਸਬੰਧੀ ਲਿਖਤੀ ਵਿਸ਼ਵਾਸ ’ਤੇ ਭੁੱਖ ਹੜਤਾਲ ਖੋਲ੍ਹ ਦਿੱਤੀ ਗਈ ਪ੍ਰੰਤੂ ਇਸ ਦੇ ਬਾਵਜੂਦ ਅੱਜ ਤੱਕ ਇਹ ਸਰਟੀਫਿਕੇਟ ਜਾਰੀ ਨਹੀਂ ਹੋ ਸਕਿਆ। ਇਸ ਦੇ ਰੋਸ ਵੱਜੋਂ ਹੁਣ ਲੋਕਮੰਚ ਵੱਲੋਂ 17 ਜੁਲਾਈ ਨੂੰ ਘਨੌਰ ਹਸਪਤਾਲ ਮੂਹਰੇ ਅਣਮਿਥੇ ਸਮੇਂ ਲਈ ਭੁੱਖ ਹੜਤਾਲ ਅਰੰਭੀ ਜਾਵੇਗੀ।