ਖੇਤਰੀ ਪ੍ਰਤੀਨਿਧ
ਪਟਿਆਲਾ, 26 ਜੂਨ
ਫਾਸ਼ੀ ਹਮਲਿਆਂ ਵਿਰੋਧੀ ਫਰੰਟ ਪੰਜਾਬ ਨੇ ਐਮਰਜੈਂਸੀ ਵਿਰੋਧੀ ਕਾਲਾ ਦਿਵਸ ਮਨਾਉਂਦਿਆਂ ਅੱਜ ਇਥੇ ਬੱਸ ਸਟੈਂਡ ਸਾਹਮਣੇ ਫਲਾਈ ਓਵਰ ਹੇਠ ਰੋਸ ਰੈਲੀ ਕੀਤੀ ਅਤੇ ਫਿਰ ਮਾਰਚ ਕੀਤਾ ਗਿਆ। ਰੈਲੀ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ 25 ਜੂਨ 1975 ਦੇ ਦਿਨ ਇੰਦਰਾ ਗਾਂਧੀ ਵੱਲੋਂ ਐਮਰਜੈਂਸੀ ਲਗਾ ਕੇ ਸਾਰੇ ਮਨੁੱਖੀ ਹੱਕਾਂ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ ਸੀ। ਉਨ੍ਹਾਂ ਮੋਦੀ ਹਕੂਮਤ ’ਤੇ ਅਣਐਲਾਨੀ ਐਮਰਜੈਂਸੀ ਲਾਉਣ ਦੋਸ਼ ਲਾਉਂਦਿਆਂ ਕਿਹਾ ਕਿ ਉਹ ਵੀ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਇੰਦਰਾ ਗਾਂਧੀ ਦੇ ਰਾਹ ’ਤੇ ਚੱਲ ਰਹੇ ਹਨ ਅਤੇ ਘੱਟਗਿਣਤੀ ਭਾਈਚਾਰੇ ਨੂੰ ਦਬਾਇਆ ਜਾ ਰਿਹਾ ਹੈ। ਰੈਲੀ ਨੂੰ ਸੀਪੀਆਈ ਦੇ ਕੌਮੀ ਆਗੂ ਨਿਰਮਲ ਧਾਲੀਵਾਲ, ਸੀਪੀਆਈ (ਐੱਮਐੱਲ) ਨਿਊ ਡੈਮੋਕਰੇਸੀ ਦੇ ਸੀਨੀਅਰ ਆਗੂ ਕਾਮਰੇਡ ਦਰਸ਼ਨ ਖਟਕੜ, ਆਰਐਮਪੀਆਈ ਦੇ ਹਰੀ ਸਿੰਘ ਢੀਂਡਸਾ (ਸਾਬਕਾ ਸਰਪੰਚ ਦੌਣਕਲਾਂ) ਸਮੇਤ ਕੁਲਵੰਤ ਸਿੰਘ ਮੌਲਵੀਵਾਲਾ, ਅਮਨਦੀਪ ਕੌਰ ਦਿਉਲ, ਕਰਮਚੰਦ ਭਾਰਦਵਾਜ ਅਤੇ ਰਾਮ ਕ੍ਰਿਸ਼ਨ ਨੇ ਵੀ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਨਿੱਜੀਕਰਨ, ਉਦਾਰੀਕਰਨ, ਸੰਸਾਰੀਕਰਨ ਦੀ ਨੀਤੀ ਰਾਹੀਂ ਹੋਰਨਾ ਸਰਕਾਰੀ ਅਦਾਰਿਆਂ ਤੋਂ ਬਾਅਦ ਹੁਣ ਫੌਜ ਵਿੱਚ ਵੀ ਅਗਨੀਪਥ ਸਕੀਮ ਰਾਹੀਂ ਚਾਰ ਸਾਲਾ ਠੇਕਾ ਭਰਤੀ ਲਾਗੂ ਕਰ ਰਹੀ ਹੈ।
ਉਨ੍ਹਾਂ ਗੁਜਰਾਤ ਦੰਗਿਆਂ ਵਿੱਚ ਮਾਰੇ ਗਏ ਮੁਸਲਿਮ ਤਬਕੇ ਦੇ ਲੋਕਾਂ, ਖਾਸ ਕਰਕੇ ਅਹਿਸਾਨ ਜਾਫ਼ਰੀ ਅਤੇ ਉਸ ਦੀ ਪਤਨੀ ਜ਼ਕੀਆ ਜਾਫ਼ਰੀ ਦੇ ਕੇਸ ਦੀ ਪੈਰਵੀ ਕਰਨ ਵਾਲੀ ਆਗੂ ਤੀਸਤਾ ਸੀਤਲਵਾੜ ਨੂੰ ਅਹਿਮਦਾਬਾਦ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਦੀ ਨਿਖੇਧੀ ਕੀਤੀ। ਆਲ ਇੰਡੀਆ ਕਿਸਾਨ ਮਜ਼ਦੂਰ ਸਭਾ ਅਤੇ ਐੱਸਕੇਐੱਮ ਦੇ ਆਗੂ ਅਸ਼ੀਸ਼ ਮਿੱਤਲ ਸਮੇਤ 500 ਹੋਰ ਕਾਰਕੁਨਾਂ ਉੱਪਰ ਅਲਾਹਾਬਾਦ ਪੁਲੀਸ ਵੱਲੋਂ ਦਰਜ ਕੀਤੇ ਗਏ ਕੇਸ ਰੱਦ ਕਰਨ ਅਤੇ ਤੀਸਤਾ ਸੀਤਲਵਾੜ ਨੂੰ ਰਿਹਾਅ ਕਰਨ ਦੀ ਮੰਗ ਕੀਤੀ।