ਸੁਭਾਸ਼ ਚੰਦਰ
ਸਮਾਣਾ 20 ਫਰਵਰੀ
ਇੱਥੇ ਕੋਰਟ ਕੰਪਲੈਕਸ ਨੇੜੇ ਲੰਘੇ ਦਿਨੀਂ ਕਾਰ ਦੇ ਟਰੱਕ ਨਾਲ ਟਕਰਾਉਣ ਨਾਲ ਹੋਈ ਦੋ ਵਿਦਿਆਰਥੀਆਂ ਦੀ ਮੌਤ ਤੋਂ ਇਲਾਵਾ ਹਾਦਸੇ ’ਚ ਜ਼ਖ਼ਮੀ ਦੋ ਵਿਦਿਆਰਥੀਆਂ ਵਿੱਚੋਂ ਇੱਕ ਵਿਦਿਆਰਥੀ ਜਸ਼ਨਪ੍ਰੀਤ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਨਿਵਾਸੀ ਪਿੰਡ ਚੂਲੜ ਜ਼ਿਲ੍ਹਾ ਸੰਗਰੂਰ ਦੀ ਇਲਾਜ ਦੌਰਾਨ ਬੀਤੀ ਰਾਤ ਮੌਤ ਹੋ ਗਈ। ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਸ਼ੁੱਕਰਵਾਰ 18 ਫਰਵਰੀ ਨੂੰ ਤੜਕੇ ਸਵੇਰੇ ਕੋਰਟ ਕੰਪਲੈਕਸ ਨੇੜੇ ਕਾਰ ਦੀ ਟਰੱਕ ਨਾਲ ਟੱਕਰ ਦੌਰਾਨ ਪਟਿਆਲਾ ਤੋਂ ਮੂਨਕ ਜਾ ਰਹੇ ਕਾਰ ਸਵਾਰ ਚਾਰ ਵਿਦਿਆਰਥੀਆਂ ਵਿੱਚੋਂ ਦੋ ਦੀ ਮੌਤ ਹੋ ਗਈ ਸੀ ਅਤੇ ਉਨ੍ਹਾਂ ਦੇ ਦੋ ਜ਼ਖ਼ਮੀ ਸਾਥੀਆਂ ਨੂੰ ਗੰਭੀਰ ਹਾਲਤ ਵਿਚ ਇਲਾਜ ਲਈ ਪਟਿਆਲਾ ਲਿਜਾਇਆ ਗਿਆ ਸੀ। ਏਐੱਸਆਈ ਜਸਪਾਲ ਸਿੰਘ ਨੇ ਦੱਸਿਆ ਕਿ ਹਾਦਸੇ ਮਗਰੋਂ ਪਟਿਆਲਾ ਦੇ ਹਸਪਤਾਲ ’ਚ ਇਲਾਜ ਅਧੀਨ ਜਸ਼ਨਪ੍ਰੀਤ ਦੀ ਹਾਲਤ ਵਿਗੜਨ ’ਤੇ ਉਸ ਨੂੰ ਸ਼ਨਿਚਰਵਾਰ ਪੀਜੀਆਈ ਰੈਫਰ ਕੀਤਾ ਸੀ ਪਰ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ, ਉਸ ਦੀ ਮਾਤਾ ਪਿੰਡ ਚੂਲੜ ਦੀ ਸਰਪੰਚ ਹੈ।