ਸਰਬਜੀਤ ਸਿੰਘ ਭੰਗੂ
ਪਟਿਆਲਾ, 19 ਮਈ
ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਅੱਜ 32 ਹੋਰ ਕਰੋਨਾ ਮਰੀਜਾਂ ਦੀ ਮੌਤ ਹੋ ਗਈ। ਇਨ੍ਹਾਂ ਵਿਚੋਂ ਇੱਕ ਮਰੀਜ਼ ਕਿਸੇ ਹੋਰ ਸੂਬੇ ਦਾ ਸੀ ਜਦਕਿ ਬਾਕੀ ਸਾਰੇ ਪੰਜਾਬ ਨਾਲ ਹੀ ਸਬੰਧਤ ਸਨ। ਇਨ੍ਹਾਂ ਵਿਚੋਂ 12 ਜ਼ਿਲ੍ਹਾ ਪਟਿਆਲਾ ਨਾਲ਼ ਸਬੰਧਤ ਸਨ। ਉਂਜ ਪਟਿਆਲਾ ਜ਼ਿਲ੍ਹੇ ’ਚ ਅੱਜ ਹੋਈਆਂ ਮੌਤਾਂ ਦੀ ਗਿਣਤੀ 16 ਰਹੀ। ਜਿਸ ਨਾਲ ਜ਼ਿਲ੍ਹੇ ’ਚ ਕਰੋਨਾ ਨਾਲ਼ ਹੋਈਆਂ ਮੌਤਾਂ ਦੀ ਕੁੱਲ ਗਿਣਤੀ 1061 ਹੋ ਗਈ ਹੈ। ਇਸੇ ਦੌਰਾਨ ਪਟਿਆਲਾ ਜ਼ਿਲ੍ਹੇ ਵਿੱਚ ਅੱਜ 363 ਕੋਵਿਡ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਿਲ੍ਹਾ ਨੋਡਲ ਅਫਸਰ ਡਾ. ਸੁਮੀਤ ਸਿੰਘ ਦਾ ਕਹਿਣਾ ਸੀ ਕਿ ਅੱਜ ਦੇ ਪਾਜ਼ੇਟਿਵ ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 153, ਬਲਾਕ ਕੌਲੀ ਤੋਂ 37, ਰਾਜਪੁਰਾ ਤੋਂ 32, ਬਲਾਕ ਭਾਦਸੋਂ ਤੋਂ 29, ਬਲਾਕ ਸ਼ੁਤਰਾਣਾ ਤੋਂ 28, ਬਲਾਕ ਦੂਧਣਸਾਧਾਂ ਤੋਂ 27, ਬਲਾਕ ਕਾਲੋਮਾਜਰਾ ਤੋਂ 18, ਸਮਾਣਾ ਤੇ ਨਾਭਾ ਤੋਂ 14-14, ਬਲਾਕ ਹਰਪਾਲਪੁਰ ਤੋਂ 11 ਕੋਵਿਡ ਕੇਸ ਰਿਪੋਰਟ ਹੋਏ ਹਨ।
ਸੰਗਰੂਰ (ਗੁਰਦੀਪ ਸਿੰਘ ਲਾਲੀ): ਜ਼ਿਲ੍ਹਾ ਸੰਗਰੂਰ ’ਚ ਕਰੋਨਾ ਲਗਾਤਾਰ ਕਹਿਰ ਵਰਤਾ ਰਿਹਾ ਹੈ। ਅੱਜ ਜ਼ਿਲ੍ਹਾ ਸੰਗਰੂਰ ’ਚ ਅੱਠ ਔਰਤਾਂ ਸਣੇ 18 ਕਰੋਨਾ ਪੀੜ੍ਹਤ ਮਰੀਜ਼ਾਂ ਦੀ ਮੌਤ ਹੋਈ ਹੈ। ਜ਼ਿਲ੍ਹੇ ’ਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 600 ਹੋ ਚੁੱਕੀ ਹੈ। ਅੱਜ 221 ਨਵੇਂ ਕਰੋਨਾ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ ਜਿਸ ਕਰਕੇ ਜ਼ਿਲ੍ਹੇ ਵਿਚ ਐਕਟਿਵ ਮਰੀਜ਼ਾਂ ਦੀ ਗਿਣਤੀ 1915 ਹੋ ਚੁੱਕੀ ਹੈ ਜਿੰਨ੍ਹਾਂ ’ਚੋ 9 ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਧਰ ਮਰੀਜ਼ਾਂ ਵਲੋਂ ਕਰੋਨਾ ਨੂੰ ਮਾਤ ਦੇਣ ਦਾ ਸਿਲਸਲਾ ਵੀ ਜਾਰੀ ਹੈ ਅਤੇ ਅੱਜ 140 ਮਰੀਜ਼ਾਂ ਨੇ ਕਰੋਨਾ ਖ਼ਿਲਾਫ਼ ਜੰਗ ਜਿੱਤੀ ਹੈ। ਜ਼ਿਲ੍ਹਾ ਸਿਹਤ ਪ੍ਰਸ਼ਾਸ਼ਨ ਦੇ ਬੁਲਾਰੇ ਅਨੁਸਾਰ ਅੱਜ 18 ਮਰੀਜ਼ਾਂ ਦੀ ਮੌਤ ਹੋਈ ਹੈ ਜਿੰਨ੍ਹਾਂ ’ਚ ਬਲਾਕ ਸ਼ੇਰਪੁਰ ਦੀ 55 ਸਾਲਾ ਔਰਤ, ਬਲਾਕ ਫਤਹਿਗੜ੍ਹ ਪੰਜਗਰਾਈਆਂ ਦਾ 32 ਸਾਲਾ ਨੌਜਵਾਨ, ਬਲਾਕ ਅਮਰਗੜ੍ਹ ਦੀ 62 ਸਾਲਾ ਔਰਤ, ਬਲਾਕ ਸੰਗਰੂਰ ਦਾ 62 ਸਾਲਾ ਵਿਅਕਤੀ, ਬਲਾਕ ਕੌਹਰੀਆਂ ਦਾ 75 ਸਾਲਾ ਵਿਅਕਤੀ, ਬਲਾਕ ਸੁਨਾਮ ਦੀ 65 ਸਾਲਾ ਔਰਤ, ਬਲਾਕ ਮੂਨਕ ਦੀ 65 ਸਾਲਾ ਔਰਤ, ਬਲਾਕ ਭਵਾਨੀਗੜ੍ਹ ਦਾ 42 ਸਾਲਾ ਵਿਅਕਤੀ, ਬਲਾਕ ਅਮਰਗੜ੍ਹ ਦੀ 60 ਸਾਲਾ ਔਰਤ, ਬਲਾਕ ਲੌਂਗੋਵਾਲ ਦੀ 61 ਸਾਲਾ ਔਰਤ, ਬਲਾਕ ਸ਼ੇਰਪੁਰ ਦੀ 55 ਸਾਲਾ ਔਰਤ, ਬਲਾਕ ਲੌਂਗੋਵਾਲ ਦਾ 65 ਸਾਲਾ ਵਿਅਕਤੀ, ਬਲਾਕ ਭਵਾਨੀਗੜ੍ਹ ਦਾ 63 ਸਾਲਾ ਵਿਅਕਤੀ, ਬਲਾਕ ਮੂਨਕ ਦੀ 60 ਸਾਲਾ ਔਰਤ, ਬਲਾਕ ਲੌਂਗੋਵਾਲ ਦਾ 50 ਸਾਲਾ ਵਿਅਕਤੀ, ਬਲਾਕ ਸੁਨਾਮ ਦਾ 34 ਸਾਲਾ ਨੌਜ਼ਵਾਨ, ਬਲਾਕ ਸੁਨਾਮ ਦਾ ਹੀ 46 ਸਾਲਾ ਵਿਅਕਤੀ ਅਤੇ ਬਲਾਕ ਮੂਨਕ ਦਾ 64 ਸਾਲਾ ਵਿਅਕਤੀ ਸ਼ਾਮਲ ਹੈ। ਇਹਨ੍ਹਾਂ ਮਰੀਜ਼ਾਂ ਦੀ ਮੌਤ ਲੁਧਿਆਣਾ, ਪਟਿਆਲਾ ਅਤੇ ਸੰਗਰੂਰ ਦੇ ਹਸਪਤਾਲਾਂ ਵਿਚ ਹੋਈ ਹੈ।
ਪਟਿਆਲਾ ’ਚ ਕਰੋਨਾ ਪਾਬੰਦੀਆਂ ਪੈਣ ਲੱਗੀਆਂ ਢਿੱਲੀਆਂ
ਪਟਿਆਲਾ(ਰਵੇਲ ਸਿੰਘ ਭਿੰਡਰ): ਪਟਿਆਲਾ ਸ਼ਹਿਰ ਵਿੱਚ ਕਰੋਨਾ ਪਾਬੰਦੀਆਂ ਢਿੱਲੀਆਂ ਪੈਣ ਲੱਗੀਆਂ ਹਨ। ਦੁਕਾਨਦਾਰ ਤਰਕਾਲਾਂ ਤੱਕ ਸ਼ਟਰ ਖੋਲ੍ਹੀ ਰੱਖਣ ਲੱਗੇ ਹਨ। ਹਾਲਾਂਕਿ ਕਰੋਨਾ ਇਹਤਿਆਤ ਵਜੋਂ ਲਗਾਈਆਂ ਗਈਆਂ ਪਾਬੰਦੀ ਤਹਿਤ ਸ਼ਾਮੀ 5 ਵਜੇ ਦੁਕਾਨਾ ਬੰਦ ਕਰਨਾ ਦਾ ਵਕਤ ਨਿਸ਼ਚਿਤ ਕੀਤਾ ਹੋਇਆ ਹੈ, ਪ੍ਰੰਤੂ ਵੇਖਣ ‘ਚ ਆਇਆ ਹੈ ਕਿ ਕਈ ਬਾਜ਼ਾਰਾਂ ਖਾਸ ਕਰਕੇ ਬਾਹਰੀ ਕਾਲੋਨੀਆਂ ‘ਚ ਦੁਕਾਨਦਾਰ ਦੇਰ ਸ਼ਾਮ ਭਾਵ ਤਰਕਾਲਾਂ ਤੱਕ ਸੌਦਾ ਵੇਚਣ ‘ਚ ਮਸਰੂਫ਼ ਰਹਿੰਦੇ ਹਨ। ਇਹ ਵੀ ਹੈ ਕਿ ਭਾਵੇਂ ਜ਼ਿਲੇ ਅੰਦਰ ਜ਼ਰੂਰੀ ਤੇ ਗੈਰ ਜ਼ਰੂਰੀ ਦੋ ਕੈਟਾਗਿਰੀਆਂ ‘ਚ ਦੁਕਾਨਾਂ ਨੂੰ ਵੰਡ ਕੇ ਖੋਲਣ ਦੀ ਸਮਾਂ ਸਾਰਣੀ ਬਣਾਈ ਗਈ ਹੈ, ਪਰ ਜ਼ਰੂਰੀ ਕਰਾਰ ਦਿੱਤੀਆਂ ਦੁਕਾਨਾਂ ਖੋਲ੍ਹਣ ਦੇ ਦਿਨਾਂ ’ਚ ਕਈ ਥਾਵਾਂ ‘ਤੇ ਗੈਰ ਜ਼ਰੂਰੀ ਦੁਕਾਨਾਂ ਵੀ ਅਕਸਰ ਖੁੱਲ੍ਹੀਆਂ ਵੇਖਣ ਨੂੰ ਮਿਲ ਰਹੀਆਂ ਹਨ।ਲੋਕਾਂ ਦੇ ਜਾਨ ਮਾਲ ਦੇ ਚਿੰਤਕਾਂ ਦੀ ਮੰਗ ਹੈ ਕਿ ਪ੍ਰਸ਼ਾਸਨ ਧਿਆਨ ਦੇਵੇ।