ਪਟਿਆਲਾ: ਇਥੇ ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ ਦੇ ਸਾਲਾਨਾ ਮੈਗਜ਼ੀਨ ‘ਬਿਕਰਮ’ ਨੂੰ ਰਿਲੀਜ਼ ਕਰਦਿਆਂ ਪਟਿਆਲਾ ਦਿਹਾਤੀ ਤੋਂ ਵਿਧਾਇਕ ਡਾ. ਬਲਬੀਰ ਸਿੰਘ ਨੇ ਕਿਹਾ ਕਿ ਕਾਲਜ ਮੈਗਜ਼ੀਨ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਤੇ ਉਨ੍ਹਾਂ ’ਚ ਆਤਮ ਵਿਸ਼ਵਾਸ ਪੈਦਾ ਕਰਨ ’ਚ ਅਹਿਮ ਯੋਗਦਾਨ ਪਾਉਂਦੇ ਹਨ। ਹਰੇਕ ਵਿਅਕਤੀ ’ਚ ਕੋਈ ਵਿਲੱਖਣ ਗੁਣ ਜ਼ਰੂਰ ਹੁੰਦਾ ਹੈ ਅਤੇ ਸਕੂਲਾਂ ਤੇ ਕਾਲਜਾਂ ’ਚ ਪੜ੍ਹਾਈ ਤੋਂ ਇਲਾਵਾ ਕਰਵਾਈਆਂ ਜਾਂਦੀਆਂ ਗਤੀਵਿਧੀਆਂ ਅਜਿਹੇ ਗੁਣਾਂ ਨੂੰ ਨਿਖਾਰਨ ’ਚ ਸਹਾਈ ਹੁੰਦੀਆਂ ਹਨ। ਐੱਨਐੱਸਐੱਸ ਵਾਲੰਟੀਅਰਾਂ ਨਾਲ ਗੱਲਬਾਤ ਕਰਦਿਆਂ, ਵਿਧਾਇਕ ਨੇ ਸ਼ਖ਼ਸੀਅਤ ਦੇ ਵਿਕਾਸ ’ਚ ਪੜ੍ਹਾਈ ਦੀ ਮਹੱਤਤਾ ’ਤੇ ਚਰਚਾ ਕਰਦਿਆਂ ਕਿਹਾ ਕਿ ਚੰਗੀ ਸਿੱਖਿਆ ਜਿੱਥੇ ਰੁਜ਼ਗਾਰ ਦੇ ਕਾਬਲ ਬਣਾਉਂਦੀ ਹੈ, ਉੱਥੇ ਹੀ ਚੰਗਾ ਸਮਾਜ ਸਿਰਜਣ ’ਚ ਵੀ ਅਹਿਮ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਐੱਨਐੱਸਐੱਸ ਵਾਲੰਟੀਅਰਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਵੀ ਸ਼ਲਾਘਾ ਵੀ ਕੀਤੀ। ਇਸ ਮੌਕੇ ਸਮੂਹ ਸਟਾਫ਼ ਮੈਂਬਰਜ਼ ਹਾਜ਼ਰ ਰਹੇ। ਪ੍ਰੋਗਰਾਮ ਦੀ ਸਮਾਪਤੀ ਸਾਰੇ ਸਟਾਫ਼ ਮੈਂਬਰਜ਼ ਨੂੰ ਮੈਗਜ਼ੀਨ ‘ਬਿਕਰਮ’ ਦੀਆਂ ਕਾਪੀਆਂ ਵੰਡਣ ਨਾਲ ਹੋਈ। -ਖੇਤਰੀ ਪ੍ਰਤੀਨਿਧ