ਸਰਬਜੀਤ ਸਿੰਘ ਭੰਗੂ
ਪਟਿਆਲਾ, 20 ਫਰਵਰੀ
ਜਲ ਸਰੋਤ ਵਿਭਾਗ ਦੇ ਪੁਨਰਗਠਨ ਦੀ ਆੜ ’ਚ ਅਸਾਮੀਆਂ ਖਤਮ ਕਰਨ ਅਤੇ ਮੁਲਾਜ਼ਮਾਂ ਦੀਆਂ ਦੂਰ ਦੁਰਾਡੇ ਬਦਲੀਆਂ ਕਰਨ ਦੇ ਮਾਮਲੇ ਸਬੰਧੀ ਵਿਭਾਗ ਦੇ ਚੌਥਾ ਦਰਜਾ ਮੁਲਾਜ਼ਮਾਂ ਦੀ ਇਕੱਤਰਤਾ ਭਾਖੜਾ ਮੇਨ ਲਾਈਨ ਸਰਕਲ ਕੰਪਲੈਕਸ ਵਿੱਚ ਹੋਈ, ਜਿਸ ਦੀ ਅਗਵਾਈ ਕਰਦਿਆਂ, ਚੌਥਾ ਦਰਜਾ ਯੂਨੀਅਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਸਰਕਾਰ ਦੇ ਅਜਿਹੇ ਰਵੱਈਏ ਖ਼ਿਲਾਫ਼ ਅਗਲੇ ਹਫਤੇ ਤੋਂ ਮੁੜ ਸੰਘਰਸ਼ ਵਿੱਢਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪੁਨਰਗਠਨ ਦੇ ਨਾਮ ’ਤੇ ਵੱੱਖ ਵੱਖ ਵਿਭਾਗਾਂ ਦੇ ਤੀਜਾ, ਚੌਥਾ ਦਰਜਾ ਸਮੇਤ ਤਕਨੀਕੀ ਕਰਮਚਾਰੀਆਂ ਦੀਆਂ ਪੱਕੀਆਂ ਅਸਾਮੀਆਂ ਘਟਾਉਣ ਤੇ ਸਰਪਲਸ ਕਰਕੇ ਦੂਰ ਦੁਰਾਡੇ ਬਦਲੀਆਂ ਕਰਨ ਦੀ ਕਾਰਵਾਈ ਨੂੰ ਪੱਕੇ ਤੌਰ ’ਤੇ ਥੰਮ੍ਹਣ ਲਈ ਮੁਲਾਜ਼ਮਾਂ ਦੇ ਇਸ ਸੰਘਰਸ਼ ਨੂੰ ਸੂਬਾ ਪੱਧਰ ’ਤੇ ਫੈਲਾਉਣ ਦਾ ਫ਼ੈਸਲਾ ਵੀ ਕੀਤਾ ਗਿਆ। ਇਸ ਇਕੱਤਰਤਾ ’ਚ ਸੂਰਜਪਾਲ ਯਾਦਵ, ਗੁਰਦਰਸ਼ਨ ਸਿੰਘ, ਬਲਬੀਰ ਸਿੰਘ, ਜਗਮੋਹਨ, ਕੁਲਦੀਪ ਸਿੰਘ ਸਰਕਾਲੀ, ਅਵਤਾਰ ਸਿੰਘ, ਪ੍ਰੀਤਮ ਚੰਦ ਠਾਕੁਰ, ਰਾਮ ਚੇਤ, ਅਮਰ ਨਾਥ, ਚਰਨਜੀਤ ਕਾਮੀਕਲਾਂ, ਸੁੰਦਰ ਸਿੰਘ, ਰਾਮਪਾਲ ਸਿੰਘ, ਕਾਕਾ ਸਿੰਘ ਤੇ ਭਜਨ ਸਿੰਘ ਆਦਿ ਵੀ ਹਾਜ਼ਰ ਸਨ।