ਜੈਸਮੀਨ ਭਾਰਦਵਾਜ
ਨਾਭਾ, 30 ਸਤੰਬਰ
ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂਆਂ ਵੱਲੋਂ ਕਿਸਾਨਾਂ ਨਾਲ ਮੀਟਿੰਗ ਕਰਕੇ ਅੰਦੋਲਨ ਸੰਬੰਧੀ ਅਗਲੇਰੀ ਰਣਨੀਤੀ ਬਾਰੇ ਤਿਆਰੀ ਕੀਤੀ ਗਈ। ਯੂਨੀਅਨ ਵੱਲੋਂ ਨਾਭਾ ਵਿੱਚ 1 ਅਕਤੂਬਰ ਤੋਂ ਰੇਲ ਪਟੜੀ ਉੱਪਰ ਧਰਨਾ ਸ਼ੁਰੂ ਕਰਨਾ ਸੀ, ਜਿਸਦਾ ਸਥਾਨ ਬਦਲ ਕੇ ਧਬਲਾਨ ਰੇਲ ਪਟੜੀ ਕਰ ਦਿੱਤਾ ਗਿਆ ਹੈ। ਇਸਤੋਂ ਇਲਾਵਾ ਕਿਸਾਨਾਂ ਵੱਲੋਂ ਕੁਝ ਸ਼ਹਿਰਾਂ ਦੇ ਟੋਲ ਪਲਾਜ਼ਾ, ਵਾਲ ਮਾਰ, ਬੈਸਟ ਪ੍ਰਾਈਸ ਸਟੋਰ, ਰਿਲਾਇੰਸ ਪੰਪ, ਅਡਾਨੀ ਸੈਲੋ, ਸ਼ੋਪੰਪਿੰਗ ਮਾਲ, ਐੱਸਰ ਗਰੁੱਪ ਦੇ ਅਦਾਰਿਆਂ ਅੱਗੇ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਇਨ੍ਹਾਂ ਦੇ ਬਾਹਰ ਰਸਤਾ ਜਾਮ ਕੀਤਾ ਜਾਵੇਗਾ।
ਯੂਨੀਅਨ ਦੇ ਨਾਭਾ ਬਲਾਕ ਪ੍ਰਧਾਨ ਹਰਮੇਲ ਸਿੰਘ ਤੁੰਗਾ ਨੇ ਦੱਸਿਆ ਕਿ ਤਾਜ਼ਾ ਰਿਪੋਰਟ ਅਨੁਸਾਰ ਮੁਕੇਸ਼ ਅੰਬਾਨੀ ਨੇ ਤਾਲਾਬੰਦੀ ਦੇ ਪਿੱਛੋਂ ਔਸਤਨ 90 ਕਰੋੜ ਰੁਪਏ ਪ੍ਰਤੀ ਘੰਟਾ ਕਮਾਏ ਜਦੋਂਕਿ ਇਸੇ ਸਮੇਂ ਦੌਰਾਨ ਆਮ ਲੋਕਾਂ ਦੀ ਹਾਲਤ ਖਸਤਾ ਹੁੰਦੀ ਜਾ ਰਹੀ ਹੈ, ਨੌਕਰੀਆਂ ਜਾ ਰਹੀਆਂ ਹਨ, ਲੋਕ ਗ਼ਰੀਬੀ ਰੇਖਾ ਵੱਲ ਧੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਸਮੁੱਚੀਆਂ ਨੀਤੀਆਂ ਕੁਝ ਘਰਾਣਿਆਂ ਨੂੰ ਤਕੜਾ ਕਰ ਰਹੀਆਂ ਹਨ ਜਦੋਂਕਿ ਸੰਸਦ ਵਿੱਚ ਕੰਪਨੀਆਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਦੇ ਹੱਕ ਵੀ ਖੋਹ ਲਏ ਗਏ ਹਨ। ਯੂਨੀਅਨ ਦੇ ਨਾਭਾ ਜਨਰਲ ਸਕੱਤਰ ਜਸਵਿੰਦਰ ਸਿੰਘ ਸਾਲੂਵਾਲ ਨੇ ਕਿਹਾ ਕਿ ਸਰਕਾਰ ਦੇ ਨੁਮਾਇੰਦੇ ਦੇਸ਼ ਨੂੰ ਝੂਠ ਬੋਲ ਕੇ ਗੁਮਰਾਹ ਕਰਦੇ ਹੋਏ ਧੜਾਧੜ ਉਸ ਤਰ੍ਹਾਂ ਦੇ ਕਾਨੂੰਨ ਬਣਾਏ ਜਾ ਰਹੇ ਹਨ ਕਿ ਦੇਸ਼ ਦੀ ਧਨ ਦੌਲਤ ਅਤੇ ਸੱਤਾ ਦਾ ਵੱਡਾ ਹਿੱਸਾ ਕੁਝ ਘਰਾਣਿਆਂ ਦੇ ਕਬਜ਼ੇ ਵਿੱਚ ਦੇ ਦਿੱਤਾ ਜਾਵੇ। ਇਸੇ ਕੜੀ ਵਿਚ ਖੇਤੀ ਬਿੱਲਾਂ ਦੇ ਨਾਲ ਨਾਲ ਲੇਬਰ ਬਿੱਲ ਵੀ ਝੱਟ ਪਾਸ ਕਰ ਦਿੱਤੇ ਗਏ। ਇਸੇ ਕੜੀ ਵਿੱਚ ਖੇਤੀ ਉੱਪਰ ਵੀ ਕਬਜ਼ਾ ਕਰਾਉਣ ਦੀ ਨੀਅਤ ਨਾਲ ਸਾਡੇ ਚੁਣੇ ਨੁਮਾਇੰਦਿਆਂ ਨੇ ਸਾਡੇ ਨਾਲ ਧੋਖਾ ਕੀਤਾ ਹੈ।
ਯੂਨੀਅਨ ਆਗੂਆਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਲੰਮਾ ਚੱਲਣ ਵਾਲੇ ਇਸ ਸੰਘਰਸ਼ ਵਿੱਚ ਹੌਸਲੇ ਬੁਲੰਦ ਰੱਖਣ ਦੇ ਸ਼ਾਂਤਮਈ ਤਰੀਕੇ ਨਾਲ ਹੀ ਆਪਣੀ ਗੱਲ ਰੱਖੀ ਜਾਵੇ। ਘੋੜਿਆਂ ਵਾਲਾ ਗੁਰਦਵਾਰਾ ਵਿੱਚ ਰੱਖੀ ਇਸ ਸਭਾ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ।
ਲਹਿਰਾਗਾਗਾ (ਰਮੇਸ਼ ਭਾਰਦਵਾਜ) ਇਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੀ ਮੀਟਿੰਗ ਕਾਰਜਕਾਰੀ ਪ੍ਰਧਾਨ ਰਾਮ ਸਿੰਘ ਢੀਂਡਸਾ ਦੀ ਅਗਵਾਈ ’ਚ ਹੋਈ। ਇਸ ਮੌਕੇ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ ਨੇ ਕਿਹਾ ਕਿ ਜਥੇਬੰਦੀ ਇਹ ਹਫ਼ਤਾ ਖੇਤੀ ਵਿਰੋਧੀ ਬਿੱਲਾਂ ਖ਼ਿਲਾਫ਼ ਸੰਘਰਸ਼ਾਂ ਦੇ ਰੂਪ ਵਿੱਚ ਮਨਾ ਰਿਹਾ ਹੈ ਅਤੇ ਪਹਿਲੀ ਅਕਤੂਬਰ ਨੂੰ 31 ਕਿਸਾਨ ਜਥੇਬੰਦੀਆਂ ਵੱਲੋਂ ਰੇਲ ਚੱਕਾ ਜਾਮ ਅਣਮਿਥੇ ਸਮੇਂ ਲਈ ਕੀਤਾ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ ਸੰਘਰਸ਼ ਨੂੰ ਤੇਜ਼ ਕਰਦੇ ਹੋਏ ਭਾਜਪਾ ਦੇ ਆਗੂ, ਮੰਤਰੀਆਂ, ਵਿਧਾਇਕਾਂ ਦੇ ਘਰ, ਐੱਨਐੱਚ ਏ ਦੇ ਟੋਲ ਪਲਾਜਾ, ਅਡਾਨੀਆਂ ਦੇ ਸਾਇਲੋ, ਰਿਲਾਇੰਸ ਦੇ ਪੰਪ ਤੇ ਵੱਡੇ ਮਾਲਾਂ ਤੇ ਖੇਤੀ ਵਿਰੋਧੀ ਬਿੱਲ ਵਾਪਸ ਲੈਣ ਤੱਕ ਘੇਰੇ ਜਾਣਗੇ। ਉਨ੍ਹਾਂ ਖੇਤੀ ਵਿਰੋਧੀ ਕਾਨੂੰਨ, ਕਿਸਾਨਾਂ-ਮਜ਼ਦੁਰਾਂ ਦੇ ਕਰਜ਼ੇ ਮੁਆਫ਼ ਕਰਨ, ਘਰ ਘਰ ਨੌਕਰੀ ਦੇਣ, ਫਸਲਾਂ ਦੀ ਸਰਕਾਰੀ ਖਰੀਦ ਐੱਮਐੱਸਪੀ ’ਤੇ ਖ੍ਰੀਦਣ, ਬਿਜਲੀ ਐਕਟ ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ਬਹਾਦਰ ਸਿੰਘ ਭੁਟਾਲ, ਮੱਖਣ ਸਿੰਘ ਪਾਪੜਾ, ਸੂਬਾ ਸਿੰਘ ਸੰਗਤਪੁਰਾ, ਕਰਨੈਲ ਸਿੰਘ ਗਨੋਟਾ, ਰਾਮ ਸਿੰਘ ਨੰਗਲਾ ਤੇ ਮਾਸਟਰ ਗੁਰਚਰਨ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।
ਟੌਲ ਪਲਾਜਾ ਕਾਲਾਝਾੜ ਅਤੇ ਰਿਲਾਇੰਸ ਪੰਪ ’ਤੇ ਲੱਗੇਗਾ ਮੋਰਚਾ
ਭਵਾਨੀਗੜ੍ਹ (ਪੱਤਰ ਪ੍ਰੇਰਕ) ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਬਲਾਕ ਭਵਾਨੀਗੜ੍ਹ ਦੀ ਮੀਟਿੰਗ ਗੁਰਦੁਆਰਾ ਨੌਵੇਂ ਪਾਤਸ਼ਾਹ ਸਾਹਿਬ ਵਿਖੇ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਤੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਦੀ ਅਗਵਾਈ ਵਿੱਚ ਹੋਈ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ 31 ਜਥੇਬੰਦੀਆਂ ਦੇ ਤਾਲਮੇਲਵੇ ਪ੍ਰੋਗਰਾਮ ਤਹਿਤ ਯੂਨੀਅਨ ਦੀ ਸੂਬਾ ਕਮੇਟੀ ਦੇ ਸੱਦੇ ਅਨੁਸਾਰ ਬਲਾਕ ਭਵਾਨੀਗੜ੍ਹ ਦੇ ਦੋ ਪੁਆਇੰਟ ਉਲੀਕੇ ਗਏ ਹਨ। ਜਿਨ੍ਹਾਂ ਵਿੱਚੋਂ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਸਥਿਤ ਟੌਲ ਪਲਾਜ਼ਾ ਕਾਲਾਝਾੜ ਤੇ ਪਿੰਡ ਬਾਲਦ ਕਲਾਂ ’ਚ ਰਿਲਾਇੰਸ ਕੰਪਨੀ ਦੇ ਪੈਟਰੋਲ ਪੰਪ ’ਤੇ ਇੱਕ ਅਕਤੂਬਰ ਨੂੰ ਪੱਕੇ ਮੋਰਚੇ ਲਾਏ ਜਾਣਗੇ।