ਬਹਾਦਰ ਸਿੰਘ ਮਰਦਾਂਪੁਰ
ਘਨੌਰ, 5 ਨਵੰਬਰ
ਪਿੰਡ ਮਹਿਮਾ ਵਿੱਚ ਸ਼ਹੀਦ ਭਗਤ ਸਿੰਘ ਯੁੂਥ ਵੈਲਫੇਅਰ ਵੱਲੋਂ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਲੱਬ ਦੇ ਪ੍ਰਧਾਨ ਦਵਿੰਦਰ ਸਿੰਘ ਚਹਿਲ ਅਤੇ ਪ੍ਰੀਤਪਾਲ ਸਿੰਘ ਚਹਿਲ ਦੀ ਸਾਂਝੀ ਅਗਵਾਈ ਵਿੱਚ ਕਿਸਾਨ ਮੋਰਚੇ ਦੇ ਸ਼ਹੀਦ ਕਿਸਾਨਾਂ ਨੂੰ ਸਮਰਪਿਤ ਅੱਠਵਾਂ ਕਬੱਡੀ ਕੱਪ ਕਰਵਾਇਆ ਗਿਆ। ਟੂਰਨਾਮੈਂਟ ਵਿੱਚ ਅੰਨਦਾਣਾ, ਬਲਬੇੜਾ, ਸੈਪਲੀ ਸਾਹਿਬ, ਦਿੜਵਾ, ਫਕਰੰਜ, ਧਨਾਸ, ਘਨੌਰ, ਫੂਲੋ ਅਤੇ ਚਨਹੇੜੀ ਸਮੇਤ ਦੋ ਦਰਜਨ ਟੀਮਾਂ ਨੇ ਭਾਗ ਲਿਆ। ਕਬੱਡੀ ਕੱਪ ਦੀ ਸ਼ੁਰੂਆਤ ਸਮੇਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਡਾ. ਦਰਸ਼ਨਪਾਲ, ਕੌਮਾਂਤਰੀ ਕਬੱਡੀ ਖਿਡਾਰੀ ਮਨਿੰਦਰਜੀਤ ਸਿੰਘ ਵਿੱਕੀ ਘਨੌਰ, ਖੁਸ਼ਦੀਪ ਸਿੰਘ ਟਿੰਕੂ ਘਨੌਰ, ਮਨਜੀਤ ਸਿੰਘ ਘੁੰਮਾਣਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਕੇ ਕਬੱਡੀ ਖਿਡਾਰੀਆਂ ਦੀ ਹੌਸਲਾ-ਅਫ਼ਜਾਈ ਕੀਤੀ। ਇਸ ਕਬੱਡੀ ਕੱਪ ਮੁਕਾਬਲੇ ਵਿੱਚ ਅੰਨਦਾਣਾ ਦੀ ਟੀਮ ਨੇ ਪਹਿਲਾ ਅਤੇ ਬਲਵੇੜਾ ਦੀ ਟੀਮ ਦੂਜਾ ਸਥਾਨ ਹਾਸਲ ਕੀਤਾ। ਇਸ ਮੌਕੇ ਇਨਾਮ ਵੰਡ ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਪੁੱਜੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ ਹਰਿਆਣਾ (ਚੜੂਨੀ) ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਕਲੱਬ ਵੱਲੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਅੰਨਦਾਣਾ ਦੀ ਟੀਮ ਨੂੰ 31 ਹਜ਼ਾਰ ਅਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੀ ਬਲਬੇੜਾ ਦੀ ਟੀਮ ਨੂੰ 21 ਹਜ਼ਾਰ ਰੁਪਏ ਇਨਾਮ ਦੇ ਕੇ ਸਨਮਾਨਿਤ ਕੀਤਾ। ਕਬੱਡੀ ਕੱਪ ਦੇ ਬੈਸਟ ਰੇਡਰ ਭੂਰੀਆ ਸ਼ਿਸ਼ਰ ਅਤੇ ਬੈਸਟ ਜਾਫੀ ਕਾਲਾ ਡਰੋਲੀ ਭਾਈਕੀ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰੋ. ਸੇਵਕ ਸ਼ੇਰਗੜ੍ਹ, ਗੁਰਵਿੰਦਰ ਘਨੌਰ, ਰਜਾਕ ਘਨੌਰ ਸਮੇਤ ਹੋਰ ਮੌਜੂਦ ਸਨ।