ਖੇਤਰੀ ਪ੍ਰਤੀਨਿਧ
ਪਟਿਆਲਾ, 14 ਫਰਵਰੀ
ਲੋਕ ਸੰਘਰਸ਼ ਕਮੇਟੀ ਵੱਲੋਂ ਪ੍ਰਭਾਤ ਪ੍ਰਵਾਨਾ ਹਾਲ ਪਟਿਆਲਾ ਵਿੱਚ ‘ਚੋਣਾਂ ਅਤੇ ਲੋਕ ਮੁੱਦੇ’ ਵਿਸ਼ੇ ਉੱਤੇ ਕਾਨਫਰੰਸ ਕਰਕੇ ਅਸਲੀ ਮੁੱਦੇ ਉਭਾਰਦਿਆਂ ਇਨਕਲਾਬੀ ਬਦਲ ਭਾਰਤ ਨੂੰ ਉਭਾਰਨ ਲਈ ਸੰਘਰਸ਼ ਤੇਜ਼ ਕਰਨ ਦਾ ਸੱਦਾ ਦਿੱਤਾ। ਕਾਨਫ਼ਰੰਸ ਦੀ ਸ਼ੁਰੂਆਤ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਦਵਿੰਦਰ ਸਿੰਘ ਪੂਨੀਆ ਨੇ ਸਵਾਗਤੀ ਭਾਸ਼ਣ ਰਾਹੀਂ ਕੀਤੀ। ਲੋਕ ਸੰਘਰਸ਼ ਕਮੇਟੀ ਦੇ ਕਨਵੀਨਰ ਅਤੇ ਇਸ ਕਾਨਫ਼ਰੰਸ ਦੇ ਮੁੱਖ ਬੁਲਾਰੇ ਰਮਿੰਦਰ ਪਟਿਆਲਾ ਨੇ ਕਿਹਾ ਕਿ ਚੋਣਾਂ ਦੇ ਰੌਲੇ ਰੱਪੇ ਵਿਚ ਚੋਣਾਂ ਲੜ ਰਹੀਆਂ ਸਿਆਸੀ ਪਾਰਟੀਆਂ ਅਤੇ ਸਿਆਸੀ ਗੱਠਜੋੜ ਪੰਜਾਬ ਦੇ ਅਸਲੀ ਮੁੱਦਿਆਂ ਨੂੰ ਸੰਬੋਧਤ ਨਹੀਂ ਹੋ ਰਹੇ ਹਨ ਅਤੇ ਨਾ ਹੀ ਇਨ੍ਹਾਂ ਦਾ ਹੱਲ ਦੱਸ ਰਹੀਆਂ ਹਨ। ਕਾਨਫ਼ਰੰਸ ਵਿਚ ਪੰਜਾਬ ਸਟੂਡੈਂਟਸ ਯੂਨੀਅਨ ਤੋਂ ਲਖਵਿੰਦਰ ਸਿੰਘ ,ਡੈਮੋਕ੍ਰੇਟਿਕ ਟੀਚਰਜ਼ ਫਰੰਟ ਤੋਂ ਅਤਿੰਦਰਪਾਲ ਘੱਗਾ , ਟੈਕਨੀਕਲ ਸਰਵਿਸ ਯੂਨੀਅਨ( ਹਿਰਾਵਲ ਦਸਤਾ ਗਰੁੱਪ) ਤੋਂ ਗੁਰਚਰਨ ਸਿੰਘ ਡਕੌਂਦਾ, ਗੈਸ ਏਜੰਸੀ ਵਰਕਰ ਯੂਨੀਅਨ( ਇਫਟੂ) ਤੋਂ ਸੱਤਪਾਲ ਸਿੰਘ ਨੇ ਸੰਬੋਧਨ ਕੀਤਾ। ਜਾਗ੍ਰਿਤੀ ਮੰਚ ਦੀ ਸਕੱਤਰ ਅਮਨਦੀਪ ਕੌਰ ਅਤੇ ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਸੂਬਾਈ ਪ੍ਰਧਾਨ ਵਿਕਰਮ ਦੇਵ ਨੇ ਕਿਹਾ ਕਿ ਸਿਆਸੀ ਢਾਂਚੇ ਦੀ ਆਪਾਸ਼ਾਹੀ ਖਤਮ ਕਰਨ ਲਈ ਸਿਵਲ ਅਤੇ ਪੁਲੀਸ ਦੀ ਅਫਸਰਸ਼ਾਹੀ ਨੂੰ ਲੋਕਾਂ ਅੱਗੇ ਜਵਾਬਦੇਹ ਬਣਾਇਆ ਜਾਵੇ। ਇਸ ਮੌਕੇ ਹੋਰ ਮਸਲਿਆਂ ਬਾਰੇ ਵੀ ਵਿਚਾਰਾਂ ਹੋਈਆਂ। ਨੌਜਵਾਨ ਭਾਰਤ ਸਭਾ ਦੇ ਆਗੂ ਕੁਲਬੀਰ ਟੋਡਰਪੁਰ ਨੇ ਕਾਨਫ਼ਰੰਸ ਵਿਚ ਆਏ ਸਭ ਸਾਥੀਆਂ ਦਾ ਧੰਨਵਾਦ ਕੀਤਾ