ਸਰਬਜੀਤ ਸਿੰਘ ਭੰਗੂ
ਪਟਿਆਲਾ, 11 ਸਤੰਬਰ
ਪਟਿਆਲਾ ਦੇ ਸ਼ਮਸ਼ਾਨਘਾਟ ’ਚ ਮ੍ਰਿਤਕ ਦੇਹਾਂ ਦੇ ਅੰਤਿਮ ਸਸਕਾਰ ਲਈ ਇਲੈਕਟਰਾਨਿਕ ਮਸ਼ੀਨ ਲਗਾ ਦਿੱਤੀ ਗਈ ਹੈ। ਇਸ ’ਤੇ ਇੱਕ ਕਰੋੜ ਰੁਪਏ ਦੀ ਲਾਗਤ ਆਈ ਹੈ। ਇਸ ਨਾਲ ਹਰ ਮਹੀਨੇ ਸੈਂਕੜੇ ਕੁਇੰਟਲ ਲੱਕੜ ਦੀ ਬੱਚਤ ਕੀਤੀ ਜਾ ਸਕੇਗੀ। ਇਲੈਕਟ੍ਰਾਨਿਕ ਮਸ਼ੀਨਾਂ ’ਤੇ ਆਧਾਰਤ ਇਸ ਅਤਿਆਧੁਨਿਕ ਤਕਨਾਲੋਜੀ ਨੂੰ ਅਪਣਾਉਣ ਨਾਲ ਹਵਾ ਨੂੰ ਪ੍ਰਦੂਸ਼ਿਤ ਹੋਣ ਤੋਂ ਵੀ ਬਚਾਇਆ ਜਾ ਸਕੇਗਾ। ਆਮ ਤੌਰ ’ਤੇ ਕਿਸੇ ਵੀ ਮ੍ਰਿਤਕ ਦੇਹ ਦੇ ਅੰਤਿਮ ਸੰਸਕਾਰ ਮਗਰੋਂ ਉਸ ਦੀਆਂ ਅਸਥੀਆਂ ਲਈ ਕਈ-ਕਈ ਘੰਟੇ ਇੰਤਜ਼ਾਰ ਕਰਨਾ ਪੈਂਦਾ ਸੀ। ਪਰ ਇਸ ਨਵੀਂ ਤਕਨੀਕ ਨਾਲ ਮ੍ਰਿਤਕ ਦੇ ਰਿਸ਼ਤੇਦਾਰਾਂ ਨੂੰ ਡੇਢ ਘੰਟੇ ਬਾਅਦ ਹੀ ਮ੍ਰਿਤਕ ਦੇਹ ਦੀਆਂ ਅਸਥੀਆਂ ਮਿਲ ਸਕਣਗੀਆਂ। ਅੱਜ ਇਸ ਸ਼ਮਸ਼ਾਨਘਾਟ ਵਿਖੇ ਪੁੱਜੇ ਨਗਰ ਨਿਗਮ ਦੇ ਐਕਸੀਅਨ ਜੇਪੀ ਸਿੰਘ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਦੌਰਾਨ ਮ੍ਰਿਤਕ ਦੇਹਾਂ ਦਾ ਅੰਤਿਮ ਸੰਸਕਾਰ ਕਰਨ ਵਿੱਚ ਕਾਫੀ ਦਿੱਕਤ ਆਈ ਸੀ। ਕੇਂਦਰ ਸਰਕਾਰ ਨੇ ਕੁਦਰਤੀ ਆਫ਼ਤ ਲਈ ਰੱਖੇ ਫੰਡ ਵਿੱਚੋਂ ਨਗਰ ਨਿਗਮ ਪਟਿਆਲਾ ਨੂੰ ਇੱਕ ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਸੀ। ਤਕਨੀਕੀ ਕਾਰਨਾਂ ਕਰਕੇ ਕਰੋਨਾ ਮਹਾਮਾਰੀ ਦੌਰਾਨ ਮ੍ਰਿਤਕ ਦੇਹਾਂ ਦਾ ਸਸਕਾਰ ਕਰਨ ਵਾਲੀ ਇਲੈਕਟ੍ਰਾਨਿਕ ਮਸ਼ੀਨ ਨਹੀਂ ਲਗਾਈ ਜਾ ਸਕੀ। ਪਰ ਇਸ ਰਾਸ਼ੀ ਵਿੱਚੋਂ ਹੁਣ ਅਤਿ-ਆਧੁਨਿਕ ਇਲੈਕਟ੍ਰਾਨਿਕ ਮਸ਼ੀਨ ’ਤੇ 60 ਲੱਖ ਰੁਪਏ, ਬਡੂੰਗਰ ਸ਼ਮਸ਼ਾਨਗਾਟ ਵਿਖੇ ਸਿਵਲ ਵਰਕ ਲਈ 20 ਲੱਖ ਰੁਪਏ ਅਤੇ ਮ੍ਰਿਤਕ ਦੇਹਾਂ ਨੂੰ ਸ਼ਮਸ਼ਾਨਘਾਟ ਲਿਆਉਣ ਲਈ ਨਵੀਂ ਵੈਨ ਲਈ 20 ਲੱਖ ਰੁਪਏ ਖਰਚ ਕੀਤੇ ਗਏ ਹਨ।
ਐਕਸੀਅਨ ਨੇ ਹੋਰ ਦੱਸਿਆ ਕਿ ਕੰਪਨੀ ਦੇ ਇੰਜਨੀਅਰਾਂ ਨੇ ਸ਼ਮਸ਼ਾਨਘਾਟ ਦੇ ਸਟਾਫ਼ ਮੈਂਬਰਾਂ ਨੂੰ ਮਸ਼ੀਨ ਚਲਾਉਣ ਲਈ ਇੱਕ ਮਹੀਨੇ ਦੀ ਸਿਖਲਾਈ ਵੀ ਦਿੱਤੀ ਹੈ। ਧਾਰਮਿਕ ਰਸਮਾਂ ਅਨੁਸਾਰ ਅੰਤਿਮ ਸੰਸਕਾਰ ਕਰਨ ਵਾਲੇ ਬ੍ਰਾਹਮਣਾਂ ਅਤੇ ਗੁਰਦੁਆਰਾ ਸਾਹਿਬ ਤੋਂ ਆਏ ਧਾਰਮਿਕ ਨੁਮਾਇੰਦਿਆਂ ਨੂੰ ਵੀ ਇਸ ਸਬੰਧੀ ਸਿਖਲਾਈ ਪ੍ਰਦਾਨ ਕੀਤੀ ਗਈ ਹੈ। ਇਕ ਸਾਲ ਤੱਕ ਕੰਪਨੀ ਵੱਲੋਂ ਮਸ਼ੀਨ ਦੀਆਂ ਤਕਨੀਕੀ ਖਾਮੀਆਂ ਨੂੰ ਦੂਰ ਕਰਨ ਦਾ ਕੰਮ ਮੁਫਤ ’ਚ ਕੀਤਾ ਜਾਵੇਗਾ। ਐਕਸੀਅਨ ਜੇ.ਪੀ ਸਿੰਘ ਅਨੁਸਾਰ ਲਾਸ਼ ਦਾ ਲੱਕੜ ਨਾਲ ਸਸਕਾਰ ਕਰਨ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸ਼ਮਸ਼ਾਨਘਾਟ ਤੋਂ 25 ਸੌ ਰੁਪਏ ਦੀ ਰਸੀਦ ਲੈਣੀ ਪੈਂਦੀ ਸੀ। ਪਰ ਨਵੀਂ ਤਕਨੀਕ ਨਾਲ ਮ੍ਰਿਤਕ ਦੇ ਸਸਕਾਰ ਲਈ ਦੋ ਹਜ਼ਾਰ ਰੁਪਏ ਹੀ ਦੇਣੇ ਪੈਣਗੇ। ਸ਼ਮਸ਼ਾਨਘਾਟ ਦੇ ਕਰਮਚਾਰੀ ਇੱਕ ਮਹੀਨੇ ਵਿੱਚ ਇਕੱਠੀ ਹੋਈ ਰਾਸ਼ੀ ਨਿਗਮ ਕੋਲ ਹਰੇਕ ਮਹੀਨੇ ਜਮ੍ਹਾਾਂ ਕਰਾਉਣਗੇ। ਇਸ ਰਕਮ ਵਿੱਚੋਂ ਕਾਰਪੋਰੇਸ਼ਨ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਕਰਨ ਵਾਲੀ ਇਲੈਕਟ੍ਰਾਨਿਕ ਮਸ਼ੀਨ ਦਾ ਬਿਜਲੀ ਬਿੱਲ ਅਦਾ ਕਰੇਗਾ। ਸ਼ਮਸ਼ਾਨਘਾਟ ਵਿਖੇ ਇਸ ਨਵੀਂ ਤਕਨੀਕ ਨੂੰ ਦੇਖਣ ਲਈ ਪਟਿਆਲਾ ਦੇ ‘ਆਪ’ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਨਗਰ ਨਿਗਮ ਦੇ ਐਸ.ਈ ਹਰਕਿਰਨ ਸਿੰਘ ਸਮੇਤ ਬਡੂੰਗਰ ਸਵਰਗਧਾਮ ਕਮੇਟੀ ਦੇ ਅਹੁਦੇਦਾਰ ਅਤੇ ਮੈਂਬਰ ਵੀ ਮੁੱਖ ਤੌਰ ’ਤੇ ਹਾਜ਼ਰ ਸਨ।