ਸਰਬਜੀਤ ਸਿੰਘ ਭੰਗੂ
ਪਟਿਆਲਾ, 13 ਸਤੰਬਰ
ਕੋਵਿਡ ਪਾਜ਼ੀਟਿਵ ਮਰੀਜ਼ਾਂ ਦੇ ਇਲਾਜ ਲਈ ਸਿਹਤ ਵਿਭਾਗ ਵੱਲੋਂ ਸਰਕਾਰੀ ਮੈਰੀਟੋਰੀਅਸ ਸਕੂਲ ਵਿੱਚ ਸਥਾਪਤ ਕੀਤਾ ਗਿਆ ਕੋਵਿਡ ਕੇਅਰ ਸੈਂਟਰ ਇਲਾਜ ਦੇ ਨਾਲ-ਨਾਲ ਮਰੀਜ਼ਾਂ ਨੂੰ ਵਿਸਰ ਚੁੱਕੀਆਂ ਖੇਡਾਂ ਨਾਲ ਜੋੜਨ ਲਈ ਵੀ ਨਵੀਂ ਪਹਿਲ ਕਰ ਰਿਹਾ ਹੈ। ਮੋਬਾਈਲ ਫੋਨ ਦੇ ਯੁੱਗ ਵਿੱਚ ਮਰੀਜ਼ਾਂ ਨੂੰ ਇੱਕ-ਦੂਜੇ ਨਾਲ ਵਕਤ ਬਿਤਾਉਣ ਅਤੇ ਇੱਕ-ਦੂਜੇ ਦੇ ਸੁੱਖ-ਦੁੱਖ ਦਾ ਭਾਈਵਾਲ ਬਣਨ ਲਈ ਉਤਸ਼ਾਹਤ ਕਰਨ ਦੇ ਮਕਸਦ ਨਾਲ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਮਰੀਜ਼ਾਂ ਨੂੰ ਲੂਡੋ ਵਰਗੀਆਂ ਖੇਡਾਂ ਖੇਡਣ ਲਈ ਦਿੱਤੀਆਂ ਜਾ ਰਹੀਆਂ ਹਨ, ਜਿਸ ਦਾ ਮਰੀਜ਼ ਖੂਬ ਆਨੰਦ ਮਾਣ ਰਹੇ ਹਨ।
ਏਡੀਸੀ ਤੇ ਕੋਵਿਡ ਕੇਅਰ ਇੰਚਾਰਜ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਨੋਡਲ ਅਫ਼ਸਰ ਡਾ. ਸ਼ੈਲੀ ਜੇਤਲੀ ਦੀ ਅਗਵਾਈ ’ਚ ਰੋਜ਼ਾਨਾ ਕੋਈ ਨਾ ਕੋਈ ਗਤੀਵਿਧੀ ਕਰਵਾਈ ਜਾਂਦੀ ਹੈ, ਜੋ ਮਰੀਜ਼ਾਂ ਨੂੰ ਸਿਹਤਯਾਬ ਕਰਨ ਵਿੱਚ ਵੀ ਸਹਾਈ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਕੂਲ ਵਿੱਚ ਬਣਾਏ ਗਏ ਲੈਵਲ-1 ਕੋਵਿਡ ਕੇਅਰ ਸੈਂਟਰ ’ਚ ਹੁਣ ਤੱਕ 792 ਮਰੀਜ਼ ਦਾਖਲ ਹੋਏ ਅਤੇ ਇਨ੍ਹਾਂ ਵਿੱਚੋਂ 683 ਸਿਹਤਯਾਬ ਹੋ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ।
ਨੋਡਲ ਅਫ਼ਸਰ ਡਾ. ਸ਼ੈਲੀ ਜੇਤਲੀ ਨੇ ਦੱਸਿਆ ਕਿ ਮਰੀਜ਼ਾਂ ਨੂੰ ਚੰਗਾ ਮਾਹੌਲ ਦੇਣ ਅਤੇ ਇੱਕ ਦੂਸਰੇ ਨਾਲ ਸਮਾਂ ਬਿਤਾਉਣ ਲਈ ਰੋਜ਼ਾਨਾ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਦਾਖਲ ਮਰੀਜ਼ਾਂ ਵੱਲੋਂ ਅਤਿ ਆਧੁਨਿਕ ਉਪਕਰਨਾਂ ਦੇ ਹੁੰਦਿਆਂ ਵੀ ਲੂਡੋ ਵਰਗੀਆਂ ਖੇਡਾਂ ਖੇਡਣ ਵਿੱਚ ਕਾਫ਼ੀ ਉਤਸ਼ਾਹ ਦਿਖਾਇਆ ਗਿਆ। ਪਹਿਲਾਂ ਵੀ ਮਰੀਜ਼ਾਂ ਲਈ ਯੋਗਾ ਤੇ ਮੈਡੀਟੇਸ਼ਨ ਕਲਾਸ, ਪੇਂਟਿੰਗ ਵਰਗੇ ਮੁਕਾਬਲੇ ਵੀ ਕਰਵਾਏ ਗਏ ਹਨ, ਜਿਨ੍ਹਾਂ ’ਚ ਮਰੀਜ਼ਾਂ ਵੱਲੋਂ ਉਤਸ਼ਾਹ ਨਾਲ ਹਿੱਸਾ ਲਿਆ ਗਿਆ ਹੈ। ਭਵਿੱਖ ’ਚ ਵੀ ਮਰੀਜ਼ਾਂ ਨੂੰ ਚੰਗਾ ਮਾਹੌਲ ਦੇਣ ਲਈ ਅਜਿਹੀਆ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਰਹਿਣਗੀਆਂ।