ਪੱਤਰ ਪ੍ਰੇਰਕ
ਰਾਜਪੁਰਾ, 17 ਮਈ
ਅੰਮ੍ਰਿਤਸਰ ਤੋਂ ਤਖਤ ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ਨੂੰ ਚੱਲਣ ਵਾਲੀ ਸੱਚਖੰਡ ਐਕਸਪ੍ਰੈਸ ਰੇਲ ਗੱਡੀ ਹੁਣ ਵਾਇਆ ਚੰਡੀਗੜ੍ਹ-ਲੁਧਿਆਣਾ ਦੀ ਬਜਾਏ ਵਾਇਆ ਅੰਬਾਲਾ-ਰਾਜਪੁਰਾ-ਸਰਹਿੰਦ ਅਤੇ ਲੁਧਿਆਣਾ ਤੋਂ ਚੱਲਿਆ ਕਰੇਗੀ। ਇਸ ਸਬੰਧੀ ਦੱਖਣ ਸੈਂਟਰਲ ਰੇਲਵੇ ਦੇ ਚੀਫ ਪਬਲਿਕ ਰਿਲੇਸ਼ਨ ਅਫਸਰ ਚੌਧਰੀ ਰਾਕੇਸ਼ ਵੱਲੋਂ ਸਤੰਬਰ ਮਹੀਨੇ ਤੋਂ ਲਾਗੂ ਹੋਣ ਵਾਲੀਆਂ ਰੇਲ ਗੱਡੀਆਂ ਦੀ ਸਮਾਂ ਸਾਰਣੀ ਜਾਰੀ ਕਰ ਦਿੱਤੀ ਗਈ ਹੈ ਜਿਸ ਨੂੰ ਲੈ ਕੇ ਇਸ ਇਲਾਕੇ ਦੀ ਸੰਗਤ ਵਿੱਚ ਖੁਸ਼ੀ ਦੀ ਲਹਿਰ ਹੈ। ਰੇਲ ਵਿਭਾਗ ਦੇ ਇਸ ਫੈਸਲੇ ਦਾ ਸੂਬਾਈ ਕਿਸਾਨ ਆਗੂ ਜਥੇਦਾਰ ਸੁਖਜੀਤ ਸਿੰਘ ਬਘੌਰਾ, ਸ਼੍ਰੋਮਣੀ ਕਮੇਟੀ ਦੇ ਕਾਰਜਕਾਰਣੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਅਤੇ ਜਥੇਦਾਰ ਜਸਮੇਰ ਸਿੰਘ ਲਾਛੜੂ ਸਮੇਤ ਹੋਰ ਸੰਗਤ ਨੇ ਸਵਾਗਤ ਕੀਤਾ। ਦੱਸਣਯੋਗ ਹੈ ਕਿ ਸੱਚਖੰਡ ਐਕਸਪ੍ਰੈਸ ਰੇਲ ਨੰਬਰ. 12715 ਅਤੇ 12716 ਜੋ ਕਰੋਨਾ ਕਾਲ ਤੋਂ ਪਹਿਲਾਂ ਸ਼੍ਰੀ ਅੰਮ੍ਰਿਤਸਰ ਤੋਂ ਨੰਦੇੜ ਸਾਹਿਬ ਵਾਇਆ ਅੰਬਾਲਾ-ਰਾਜਪੁਰਾ-ਸਰਹਿੰਦ-ਲੁਧਿਆਣਾ ਤੋਂ ਚੱਲਿਆ ਕਰਦੀ ਸੀ। ਪ੍ਰੰਤੂ ਇਸ ਦਾ ਰੂਟ ਕਰੋਨਾ ਕਾਲ ਦੌਰਾਨ ਵਿਭਾਗ ਵੱਲੋਂ ਵਾਇਆ ਚੰਡੀਗੜ੍ਹ ਕਰ ਦਿੱਤਾ ਗਿਆ ਸੀ। ਇਸ ਕਾਰਨ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਦੀ ਹਜ਼ੂਰ ਸਾਹਿਬ ਜਾਣ ਵਾਲੀ ਸੰਗਤ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਲਾਕੇ ਦੀ ਸੰਗਤ ਵੱਲੋਂ ਇਹ ਮਾਮਲਾ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਲੋਕ ਸਭਾ ਮੈਂਬਰ ਫਤਿਹਗੜ੍ਹ ਸਾਹਿਬ ਡਾ. ਅਮਰ ਸਿੰਘ ਦੇ ਧਿਆਨ ਵਿੱਚ ਲਿਆਉਣ ’ਤੇ ਉਨ੍ਹਾਂ ਵੱਲੋਂ ਕੀਤੇ ਉਪਰਾਲਾ ਸਦਕਾ ਰੇਲ ਵਿਭਾਗ ਨੇ ਸੱਚਖੰਡ ਐਕਸਪ੍ਰੈਸ ਰੇਲਗੱਡੀ ਨੂੰ ਪੁਰਾਣੇ ਰੂਟ ਰਾਹੀਂ ਚਲਾਉਣ ਦਾ ਫੈਸਲਾ ਕੀਤਾ ਹੈ। ਸੰਗਤ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਸ਼੍ਰੀ ਅਕਾਲ ਤਖਤ ਐਕਸਪ੍ਰੈਸ ਰੇਲ ਜਿਹੜੀ ਕਿ ਸ੍ਰੀ ਅੰਮ੍ਰਿਤਸਾਰ ਤੋਂ ਕਲਕੱਤਾ ਵਾਇਆ ਪਟਨਾ ਸਾਹਿਬ ਤੋਂ ਚਲਦੀ ਹੈ। ਉਸ ਦਾ ਰਾਜਪੁਰਾ ਸਟੇਸ਼ਨ ’ਤੇ ਠਹਿਰਾਅ ਕੀਤਾ ਜਾਵੇ।