ਪੱਤਰ ਪ੍ਰੇਰਕ
ਪਟਿਆਲ਼ਾ 14 ਫ਼ਰਵਰੀ
ਪਟਿਆਲ਼ਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਹੈ ਕਿ ਭਾਜਪਾ ਪਾਰਟੀ ਦੀ ਸਰਕਾਰ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਪਟਿਆਲ਼ਾ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਪੱਖ ਵਿੱਚ ਕੀਤੀ ਸਿਆਸੀ ਰੈਲੀ ਬੁਰੀ ਤਰਾਂ ਫਲਾਪ ਰਹੀ। ਅਮਰਿੰਦਰ ਦੀ ਹਾਰ ’ਤੇ ਹੁਣ ਪਟਿਆਲਾ ਵਾਸੀਆਂ ਨੂੰ ਵੀ ਪੂਰਾ ਵਿਸ਼ਵਾਸ ਹੋ ਗਿਆ ਹੈ। ਉਨ੍ਹਾਂ ਪਟਿਆਲ਼ਾ ਵਿੱਚ ਵੱਖ-ਵੱਖ ਥਾਵਾਂ ਤੇ ਕੀਤੀਆਂ ਮੀਟਿੰਗਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਪੂਰੇ ਪਟਿਆਲਾ ਜ਼ਿਲ੍ਹੇ ਵਿਚ ਪੈਂਦੇ ਸਾਰੇ ਵਿਧਾਨ ਸਭਾ ਹਲਕਿਆਂ ਤੋਂ ਇੱਥੇ ਲੋਕਾਂ ਨੂੰ ਬੁਲਾਇਆ ਗਿਆ ਸੀ ਪਰ ਫੇਰ ਵੀ ਇੱਥੇ ਇਕੱਠ ਨਹੀਂ ਹੋ ਸਕਿਆ। ਕੋਹਲੀ ਨੇ ਅੱਜ 23 ਨੰਬਰ ਫਾਟਕ, ਲੱਕੜ ਮੰਡੀ, ਤਵੱਕਲੀ ਮੋੜ, ਰੋੜੀ ਕੁੱਟ, ਛੋਟੀ ਨਦੀ, ਸਰਹੰਦੀ ਬਜ਼ਾਰ ਆਦਿ ਤੋਂ ਇਲਾਵਾ ਘਰ-ਘਰ ਪ੍ਰਚਾਰ ਕੀਤਾ।
ਕਈ ਉੱਘੀਆਂ ਸ਼ਖ਼ਸੀਅਤ ‘ਆਪ’ ਵਿੱਚ ਸ਼ਾਮਲ
ਘਨੌਰ (ਪੱਤਰ ਪ੍ਰੇਰਕ): ਆਮ ਆਦਮੀ ਪਾਰਟੀ ਘਨੌਰ ਦੇ ਉਮੀਦਵਾਰ ਗੁਰਲਾਲ ਘਨੌਰ ਦੀ ਚੋਣ ਪ੍ਰਚਾਰ ਦੌਰਾਨ ਆਲ ਇੰਡੀਆਂ ਜੱਟ ਮਹਾਂ ਸਭਾ ਦੇ ਜਨਰਲ ਸਕੱਤਰ ਜਸਵਿੰਦਰ ਸਿੰਘ ਕਾਂਮੀ, ਹਰਜਿੰਦਰ ਸਿੰਘ, ਲਖਵੀਰ ਸਿੰਘ, ਕਾਬਲ ਸਿੰਘ ਹਰਪਾਲਪੁਰ ਅਤੇ ਕਬੱਡੀ ਖਿਡਾਰੀ ਹਰਵਿੰਦਰ ਸਿੰਘ ਕਾਂਮੀ ਸਾਥੀਆਂ ਸਮੇਤ ਪਾਰਟੀ ਵਿੱਚ ਸ਼ਾਮਲ ਹੋ ਗਏ।ਗੁਰਲਾਲ ਘਨੌਰ ਨੇ ਕਿਹਾ ਕਿ ਰਵਾਇਤੀ ਸਿਆਸੀ ਪਾਰਟੀਆਂ ਤੋਂ ਘਨੌਰ ਨੂੰ ਬਚਾਉਣ ਦਾ ਇਹ ਚੋਣਾਂ ਸੁਨਹਿਰੀ ਮੌਕਾ ਹੈ।