ਸਰਬਜੀਤ ਸਿੰਘ ਭੰਗੂ
ਪਟਿਆਲਾ, 18 ਸਤੰਬਰ
ਮੁੱਖ ਮੰਤਰੀ ਵਜੋਂ ਦੂਜੀ ਪਾਰੀ ਸਿਰੇ ਨਾ ਲਾ ਸਕਣ ਵਾਲੇ ਕੈਪਟਨ ਅਮਰਿੰਦਰ ਸਿੰਘ ਦੇ ਰਾਜਸੀ ਜੀਵਨ ਦੀ ਸ਼ੁਰੂਆਤ ਵੀ ਹਾਰਾਂ ਨਾਲ ਹੀ ਹੋਈ ਸੀ। ਪਹਿਲੀਆਂ ਦੋਵੇਂ ਚੋਣਾਂ ਸਮੇਤ ਉਨ੍ਹਾਂ ਨੇ ਕੁੱਲ ਤਿੰਨ ਹਾਰਾਂ ਸਹੀਆਂ ਹਨ। ਉਂਜ ਉਹ ਦੋ ਵਾਰ ਸੰਸਦ ਮੈਂਬਰ, ਛੇ ਵਾਰ ਵਿਧਾਇਕ ਅਤੇ ਦੋ ਵਾਰ ਮੁੱਖ ਮੰਤਰੀ ਬਣ ਚੁੱਕੇ ਹਨ ਪਰ ਮਜ਼ਬੂਤ ਆਧਾਰ ਦੇ ਬਾਵਜੂਦ ਆਪਣਿਆਂ ਹੱਥੋਂ ਹੀ ਹਾਰ ਗਏ।
ਕੈਪਟਨ ਅਮਰਿੰਦਰ ਸਿੰਘ ਪਟਿਆਲਾ ਦੇ ਅੰਤਲੇ ਮਹਾਰਾਜਾ ਯਾਦਵਿੰਦਰ ਸਿੰਘ ਅਤੇ ਮਹਾਰਾਣੀ ਮਹਿੰਦਰ ਕੌਰ ਦੇ ਫਰਜ਼ੰਦ ਹਨ। ਸਥਾਨਕ ਵਾਸੀ ਉਨ੍ਹਾਂ ਨੂੰ ਨਿਮਰਤਾ ਭਰੇ ਸੁਭਾਅ ਵਾਲਾ ਮੰਨਦੇ ਹਨ ਪਰ ਵਿਰੋਧੀ ਤਰਕ ਦਿੰਦੇ ਹਨ ਕਿ ਰਾਜ ਭਾਗ ਪੁਰਖਿਆਂ ਤੱਕ ਸੀਮਤ ਹੋਣ ਦੇ ਬਾਵਜੂਦ ਉਹ ਰਾਜਾਸ਼ਾਹੀ ਵਾਲੇ ਪ੍ਰਭਾਵ ਹੇਠ ਹਨ, ਜਿਸ ਸਬੰਧੀ ਕਈ ਉਦਾਹਰਨਾਂ ਵੀ ਦਿੱਤੀਆਂ ਜਾਂਦੀਆਂ ਹਨ।
ਰਾਜਸੀ ਜੀਵਨ ਦੀ ਸ਼ੁਰੂਆਤ ਅਮਰਿੰਦਰ ਸਿੰਘ ਨੇ 1970 ਵਿੱਚ ਡਕਾਲਾ (ਹੁਣ ਸਨੌਰ) ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਕੇ ਕੀਤੀ ਪਰ ਤੀਜੇ ਨੰਬਰ ’ਤੇ ਰਹੇ। ਉਨ੍ਹਾਂ ਤੋਂ ਦੋਵੇਂ ਮੋਹਰੀ ਉਮੀਦਵਾਰ ਮਹਿਲਾਵਾਂ ਸਨ। ਉਂਝ 1967 ਵਿੱਚ ਡਕਾਲਾ ਤੋਂ ਹੀ ਵਿਧਾਇਕ ਬਣੇ ਕੈਪਟਨ ਦੇ ਪਿਤਾ ਨੇ 80 ਫੀਸਦੀ ਤੋਂ ਵੱਧ ਵੋਟਾਂ ਲਈਆਂ ਸਨ। 1967 ਵਿੱਚ ਰਾਜ ਮਾਤਾ ਮਹਿੰਦਰ ਕੌਰ ਪਟਿਆਲਾ ਤੋਂ ਸੰਸਦ ਮੈਂਬਰ ਬਣੇ ਸਨ। ਦੋਵਾਂ ਨੇ ਕਾਂਗਰਸ ਦੀ ਟਿਕਟ ’ਤੇ ਚੋਣ ਲੜੀ ਸੀ।
ਫੇਰ ਦਹਾਕੇ ਮਗਰੋਂ 1977 ਵਿੱਚ ਕਾਂਗਰਸ ਨੇ ਅਮਰਿੰਦਰ ਸਿੰਘ ਨੂੰ ਪਟਿਆਲਾ ਲੋਕ ਸਭਾ ਹਲਕੇ ਤੋਂ ਮੈਦਾਨ ’ਚ ਉਤਾਰਿਆ ਪਰ ਕੈਪਟਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੋਂ ਕਰੀਬ ਇੱਕ ਲੱਖ ਵੋਟਾਂ ਦੇ ਵੱਡੇ ਫਰਕ ਨਾਲ ਮਾਤ ਖਾ ਗਏ। ਇਸ ਤੋਂ ਬਾਅਦ 1980 ਵਿੱਚ ਅਕਾਲੀ ਉਮੀਦਵਾਰ ਅਜੀਤ ਸਿੰਘ ਸਰਹੱਦੀ ਨੂੰ ਕਰੀਬ ਇੱਕ ਲੱਖ ਵੋਟਾਂ ਦੇ ਫਰਕ ਨਾਲ ਹਰਾ ਕੇ ਅਮਰਿੰਦਰ ਸਿੰਘ ਨੇ ਪਿਛਲੀ ਹਾਰ ਦਾ ਬਦਲਾ ਲਿਆ ਸੀ। ਲੋਕ ਸਭਾ ਦੀ ਇੱਕ ਹੋਰ ਚੋਣ ਕੈਪਟਨ ਅਮਰਿੰਦਰ ਨੇ 1998 ਵਿੱਚ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੋਂ ਵੀ ਹਾਰੀ। ਉਂਝ 2014 ਵਿੱਚ ਕੈਪਟਨ ਨੇ ਅੰਮ੍ਰਿਤਸਰ ਤੋਂ ਭਾਜਪਾ ਦੇ ਅਰੁਣ ਜੇਤਲੀ ਨੂੰ ਭਾਰੀ ਬਹੁਮਤ ਨਾਲ ਹਰਾਇਆ ਸੀ।
ਵਿਧਾਨ ਸਭਾ ਚੋਣਾਂ ਦਾ ਜ਼ਿਕਰ ਕਰੀਏ ਤਾਂ ਅਮਰਿੰਦਰ ਸਿੰਘ 1985 ’ਚ ਤਲਵੰਡੀ ਸਾਬੋ ਤੋਂ ਅਕਾਲੀ ਦਲ ਦੇ ਵਿਧਾਇਕ ਬਣਨ ਮਗਰੋਂ ਕੈਬਨਿਟ ਮੰਤਰੀ ਵੀ ਬਣੇ। ਫਿਰ ਸ਼੍ਰੋਮਣੀ ਅਕਾਲੀ ਦਲ (ਪੰਥਕ) ਬਣਾ ਕੇ 1992 ਵਿੱਚ ਚੋਣ ਲੜੀ ਤੇ ਸਮਾਣਾ ਤੋਂ ਨਿਰਵਿਰੋਧ ਵਿਧਾਇਕ ਬਣੇ।
ਇਸ ਮਗਰੋਂ ਉਹ ਅਕਾਲੀ ਦਲ ਵਿੱਚ ਚਲੇ ਗਏ ਪਰ 1997 ’ਚ ਟਿਕਟ ਨਾ ਮਿਲਣ ’ਤੇ ਮੁੜ ਕਾਂਗਰਸ ਵਿੱਚ ਪਰਤ ਆਏ ਤੇ 1998 ’ਚ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ। 2002 ਵਿੱਚ ਪਟਿਆਲਾ ਸ਼ਹਿਰ ਤੋਂ ਵਿਧਾਇਕ ਬਣ ਕੇ ਪਹਿਲੀ ਵਾਰ ਮੁੱਖ ਮੰਤਰੀ ਬਣੇ। ਪਟਿਆਲਾ ਸ਼ਹਿਰ ਤੋਂ ਹੀ ਉਹ 2007, 2012 ਅਤੇ 2017 ਵਿੱਚ ਵੀ ਵਿਧਾਇਕ ਬਣੇ।
ਕੈਪਸ਼ਨ: ਕੈਪਟਨ ਅਮਰਿੰਦਰ ਸਿੰਘ