ਪਟਿਆਲਾ (ਨਿੱਜੀ ਪੱਤਰ ਪ੍ਰੇਰਕ): ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਕੰਮ ਕਰਦੇ ਅਨੁਸੂਚਿਤ ਜਾਤੀ ਨਾਲ ਸਬੰਧਿਤ ਜੂਨੀਅਰ ਸਹਾਇਕਾਂ ਦੀਆਂ ਪਦਉੱਨਤੀਆਂ ਵਿੱਚ ਐਸਸੀ ਵਰਗ ਨੂੰ ਕਥਿਤ ਦਰਕਿਨਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਸਲੇ ’ਤੇ ਡਾ. ਅੰਬੇਡਕਰ ਕਰਮਚਾਰੀ ਮਹਾਂਸੰਘ, ਪੰਜਾਬ ਦੇ ਸੂਬਾਈ ਆਗੂ ਡਾ. ਜਤਿੰਦਰ ਸਿੰਘ ਮੱਟੂ ਨੇ ਪੀੜਤ ਕਰਮਚਾਰੀਆਂ ਲਈ ਡੀਨ ਅਕਾਦਮਿਕ ਮਾਮਲੇ ਡਾ. ਜੀ.ਐਸ. ਬੱਤਰਾ ਅਤੇ ਰਜਿਸਟਰਾਰ ਨੂੰ ਮਿਲ ਕੇ ਇਨਸਾਫ਼ ਦੀ ਮੰਗ ਕੀਤੀ ਹੈ। ਡਾ. ਮੱਟੂ ਨੇ ਦੱਸਿਆ ਕਿ ਪਿਛਲੇ ਦਿਨੀਂ ਪੀੜਤ ਕਰਮਚਾਰੀਆਂ ਅਨੁਸਾਰ ਨੈਸ਼ਨਲ ਕਮਿਸ਼ਨ ਫਾਰ ਸ਼ਡਿਊਲਡ ਕਾਸਟ ਦੇ ਦਖ਼ਲ ਤੋਂ ਬਾਅਦ ਹੀ ਪੰਜਾਬੀ ਯੂਨੀਵਰਸਿਟੀ ਵੱਲੋਂ ਐਸਸੀ ਬੈਕਲਾਗ ਦੀਆਂ 30 ਕਲਰਕਾਂ ਦੀਆਂ ਪੋਸਟਾਂ ਦਸੰਬਰ 2014 ਵਿੱਚ ਭਰੀਆਂ ਗਈਆਂ ਸਨ। 5 ਸਾਲ ਦੀ ਸੇਵਾ ਸ਼ਰਤ ਪੂਰੀ ਕਰਨ ’ਤੇ ਦਸੰਬਰ 2019 ਵਿੱਚ ਇਨ੍ਹਾਂ ਨੂੰ ਜੂਨੀਅਰ ਸਹਾਇਕ ਵਜੋਂ ਪਦਉੱਨਤ ਕੀਤਾ ਗਿਆ ਸੀ। 30 ਜੂਨੀਅਰ ਸਹਾਇਕਾਂ ਵਿੱਚੋਂ 6 ਕਲਰਕਾਂ ਨੂੰ ਸੀਨੀਅਰ ਸਹਾਇਕ ਵਜੋਂ ਪਦਉੱਨਤ ਕਰ ਦਿੱਤਾ ਗਿਆ ਸੀ। ਹੁਣ ਖਾਲੀ ਹੋਈਆਂ 6 ਸੀਨੀਅਰ ਸਹਾਇਕਾਂ ਦੀਆਂ ਪਦਉੱਨਤੀਆਂ ਸੀਨੀਆਰਤਾ ਸੂਚੀ ਮੁਤਾਬਿਕ ਐਸ.ਸੀ. ਵਰਗ ਵਿਚੋਂ ਕੀਤੀਆਂ ਜਾਣੀਆਂ ਸਨ ਜਿਸ ਨੂੰ ਨਜ਼ਰਅੰਦਾਜ ਕਰ ਕੇ ਬਾਹਰਲੇ ਕਾਂਸਟੀਚੂਐਂਟ ਕਾਲਜਾਂ ਦੇ ਕਲਰਕਾਂ ਨੂੰ ਸੀਨੀਅਰ ਸਹਾਇਕ ਪਦਉੱਨਤ ਕੀਤਾ ਗਿਆ। ਡਾ. ਮੱਟੂ ਨੇ ਆਖਿਆ ਕਿ ਅਜਿਹੇ ਵਿਵਾਦ ਨਾਲ ਐਸ.ਸੀ ਕਰਮਚਾਰੀਆਂ ਨਾਲ ਵਿਤਕਰਾ ਹੋਇਆ ਹੈ।