ਖੇਤਰੀ ਪ੍ਰਤੀਨਿਧ
ਪਟਿਆਲਾ, 29 ਜੁਲਾਈ
ਪਿਛਲੇ ਕਈ ਸਾਲਾਂ ਤੋਂ ਨਿਗੂਣੀਆਂ ਤਨਖ਼ਾਹਾਂ ’ਤੇ ਕੰਮ ਕਰ ਰਹੀਆਂ ‘ਮਲਟੀਪਰਪਜ਼ ਫੀਮੇਲ ਹੈਲਥ ਵਰਕਰਾਂ ਵੱਲੋਂ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਸ਼ੁਰੂ ਕੀਤੀ ਗਈ ਲੜੀਵਾਰ ਭੁੱਖ ਹੜਤਾਲ ਅੱਜ ਸੱਤਵੇਂ ਦਿਨ ਵੀ ਜਾਰੀ ਰਹੀ।
ਇਸ ਸਬੰਧੀ ਇਥੇ ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਸਥਿਤ ਸਿਵਲ ਸਰਜਨ ਦਫ਼ਤਰ ਦੇ ਬਾਹਰ ਜਾਰੀ ਧਰਨੇ ਦੌਰਾਨ ਅੱਜ ਰਾਜਵਿੰਦਰ ਕੌਰ, ਜਸਵੰਤ ਕੌਰ, ਗੁਰਪ੍ਰੀਤ ਕੌਰ, ਸੁਖਜੀਤ ਕੌਰ ਅਤੇ ਕੁਲਵਿੰਦਰ ਕੌਰ ਨੇ ਦਿਨ ਭਰ ਭੁੱਖ ਹੜਤਾਲ ਰੱਖੀ।
ਯੂਨੀਅਨ’ ਦੀ ਜ਼ਿਲ੍ਹਾ ਪ੍ਰਧਾਨ ਮੀਨਾ ਰਾਣੀ ਨੇ ਕਿਹਾ ਕਿ ਸਰਕਾਰ ਮਲਟੀਪਰਪਜ਼ ਹੈਲਥ ਵਰਕਰਾਂ ਦਾ ਵਿੱਤੀ ਸ਼ੋਸ਼ਣ ਕਰ ਰਹੀ ਹੈ। ਕਿਉਂਕਿ ਉਨ੍ਹਾਂ ਨੂੰ ਨਿਗੂਣੀਆਂ ਤਨਖ਼ਾਹਾਂ ਦੇ ਕੇ ਹੀ ਬੁੱਤਾ ਸਾਰਿਆ ਜਾ ਰਿਹਾ ਹੈ। ਜਦਕਿ ਇਨ੍ਹੀ ਦਿਨੀਂ ਤਾਂ ਉਨ੍ਹਾਂ ਵੱਲੋਂ ਕਰੋਨਾ ਮਹਾਮਾਰੀ ਦੌਰਾਨ ਵੀ ਫਰੰਟ ਲਾਈਨ ’ਤੇ ਡਿਊਟੀਆਂ ਦਿੱਤੀਆਂ ਜਾ ਰਹੀਆਂ ਹਨ। ਬਾਵਜੂਦ ਇਸ ਦੇ ਸਰਕਾਰ ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਦੀ ਬਜਾਏ ਬਾਹਰੋਂ ਸਿੱਧੀ ਭਰਤੀ ਕਰਕੇ ਉਨ੍ਹਾਂ ਨਾਲ ਹੋਰ ਵੀ ਵਧੇਰੇ ਧਰੋਹ ਕਮਾਅ ਰਹੀ ਹੈ। ਜ਼ਿਲ੍ਹਾ ਜਨਰਲ ਸਕੱਤਰ ਰਾਜਬੀਰ ਕੌਰ ਰਾਮਗੜ੍ਹ ਤੇ ਭੁਪਿੰਦਰ ਕੌਰ ਰਾਜਪੁਰਾ ਨੇ ਸੰਬੋਧਨ ਕੀਤਾ।
ਇਸੇ ਦੌਰਾਨ ਹਮਾਇਤੀ ਧਿਰ ਵਜੋਂ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਿੰਦਰ ਸਿੰਘ ਚਹਿਲ, ਹਰਜੀਵਨ ਸਿੰਘ ਚਹਿਲ, ਕੁਲਦੀਪ ਸਿੰਘ ਅਤੇ ਐਲ.ਐਚ.ਵੀ. ਰਣਧੀਰ ਕੌਰ ਚਹਿਲ ਆਦਿ ਨੇ ਵੱਖਰੇ ਬਿਆਨਾਂ ਰਾਹੀਂ ਸਰਕਾਰ ਦੇ ਮੁਲਾਜ਼ਮ ਵਿਰੋਧੀ ਰਵੱਈਏ ਦੀ ਨਿੰਦਾ ਕਰਦਿਆਂ, ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਮੰਗ ਦੁਹਰਾਈ।