ਪੱਤਰ ਪ੍ਰੇਰਕ
ਦੇਵੀਗੜ੍ਹ, 7 ਸਤੰਬਰ
ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਅੱਜ ਇੱਥੇ ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਨਾਲ ਗੱਲਬਾਤ ਦੌਰਾਨ ਭਰੋਸਾ ਦਿਵਾਇਆ ਕਿ ਆਉਣ ਵਾਲੇ ਝੋਨੇ ਦੇ ਸੀਜ਼ਨ ਦੌਰਾਨ ਅਨਾਜ ਮੰਡੀਆਂ ਵਿੱਚ ਕਿਸਾਨਾਂ, ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ, ਕਿਉਂਕਿ ਪੰਜਾਬ ਦੀ ‘ਆਪ’ ਸਰਕਾਰ ਨੇ ਝੋਨੇ ਦੀ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਕੀਤੇ ਹੋਏ ਹਨ। ਮੰਡੀਆਂ ਵਿੱਚ ਨਾ ਤਾਂ ਬਾਰਦਾਨੇ ਦੀ ਮੁਸ਼ਕਲ ਪੇਸ਼ ਆਵੇਗੀ ਅਤੇ ਨਾ ਹੀ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦੀ ਅਦਾਇਗੀ ਵਿੱਚ ਦੇਰ ਹੋਣ ਦਿੱਤੀ ਜਾਵੇਗੀ। ਸਿਹਤ ਮੰਤਰੀ ਨੇ ਕਿਹਾ ਕਿ ਪਟਿਆਲਾ ਜ਼ਿਲ੍ਹੇ ਦੇ ਸਾਰੇ ਪ੍ਰਸ਼ਾਸਨਿਕ ਅਤੇ ਵਿਕਾਸ ਕਾਰਜ ਸੁਚੱਜੇ ਢੰਗ ਨਾਲ ਚਲਾਏ ਜਾਣਗੇ। ਇਸ ਦੌਰਾਨ ਅਨਾਜ ਮੰਡੀ ਦੇਵੀਗੜ੍ਹ ਦੀ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਰਾਜਵਿੰਦਰ ਸਿੰਘ ਹਡਾਣਾ, ਡਾ ਗੁਰਮੀਤ ਸਿੰਘ ਬਿੱਟੂ, ਹੈਪੀ ਪਹਾੜੀਪੂਰ, ਆਦਿ ਆਗੂਆਂ ਵੱਲੋਂ ਸ੍ਰੀ ਜੌੜੇਮਾਜਰਾ ਦਾ ਸਨਮਾਨ ਵੀ ਕੀਤਾ ਗਿਆ।
ਸਿਹਤ ਮੰਤਰੀ ਵੱਲੋਂ ਸਰਬਜੀਤ ਸਿੰਘ ਸੈਣੀ ਦਾ ਸਨਮਾਨ
ਰਾਜਪੁਰਾ (ਪੱਤਰ ਪ੍ਰੇਰਕ): ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਬੀਤੇ ਦਿਨ ਸਿਹਤ ਵਿਭਾਗ ਵੱਲੋਂ ਪਟਿਆਲਾ ਵਿੱਚ ਕਰਵਾਏ ਗਏ ਸੂਬਾ ਪੱਧਰੀ ਅੱਖਦਾਨ ਪੰਦਰਵਾੜਾ ਸਮਾਗਮ ਦੌਰਾਨ ਸਿਹਤ ਕੇਂਦਰ ਕੌਲੀ ਵਿੱਚ ਤਾਇਨਾਤ ਬਲਾਕ ਐਕਸਟੈਨਸ਼ਨ ਐਜੂਕੇਟਰ ਸਰਬਜੀਤ ਸਿੰਘ ਸੈਣੀ ਨੂੰ ਆਈਈਸੀ/ਬੀਸੀਸੀ ਗਤੀਵਿਧੀਆਂ ਬਦਲੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ।