ਰਵੇਲ ਸਿੰਘ ਭਿੰਡਰ
ਪਟਿਆਲਾ, 29 ਅਪਰੈਲ
ਪਟਿਆਲਾ ਜ਼ਿਲ੍ਹੇ ਦੇ ਹਲਕਾ ਸ਼ੁਤਰਾਣਾ (ਰਿਜ਼ਰਵ) ਤੋਂ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਚੋਣ ਲੜਣ ਲਈ ਬੀਬੀ ਵਨਿੰਦਰ ਕੌਰ ਲੂੰਬਾ ਆਖ਼ਿਰ ਰਾਜ਼ੀ ਹੋ ਗਏ ਹਨ। ਉਨ੍ਹਾਂ ਨੂੰ ਮਨਾਉਣ ਲਈ ਮੁਹਾਲੀ ਸਥਿਤ ਉਨ੍ਹਾਂ ਦੇ ਘਰ ਅੱਜ ਪਾਰਟੀ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਪੁੱਜੇ। ਕੁੱਝ ਹਫ਼ਤੇ ਪਹਿਲਾਂ ਬੀਬੀ ਲੂੰਬਾ ਨੇ ਸ਼ੁਤਰਾਣਾ ਹਲਕੇ ਤੋਂ ਮੁੜ ਚੋਣ ਲੜਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਇਸ ਸਬੰਧੀ ਬਕਾਇਦਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਜਾਣੂ ਕਰਵਾ ਦਿੱਤਾ ਗਿਆ ਸੀ। ਪਾਰਟੀ ਲੀਡਰਸ਼ਿਪ ਵੱਲੋਂ ਉਨ੍ਹਾਂ ’ਤੇ ਦੁਬਾਰਾ ਚੋਣ ਲੜਨ ਲਈ ਦਬਾਅ ਬਣਾਇਆ ਜਾ ਰਿਹਾ ਸੀ ਤੇ ਅੱਜ ਬਿਕਰਮ ਸਿੰਘ ਮਜੀਠੀਆ ਨੇ ਲੂੰਬਾ ਪਰਿਵਾਰ ਨਾਲ ਅਹਿਮ ਬੈਠਕ ਕੀਤੀ ਗਈ। ਇਸ ਦੌਰਾਨ ਬੀਬੀ ਲੂੰਬਾ ਨੇ ਹਲਕਾ ਸ਼ੁਤਰਾਣਾ ਦੀ ਮੁੜ ਬਤੌਰ ਹਲਕਾ ਇੰਚਾਰਜ ਵਾਗਡੋਰ ਸੰਭਾਲਣ ਦੀ ਸਹਿਮਤੀ ਦਿੱਤੀ ਹੈ ਉਥੇ ਇਸ ਗੱਲੋਂ ਵੀ ਰਾਜ਼ੀ ਹੋ ਗਏ ਕਿ ਜੇ ਪਾਰਟੀ ਟਿਕਟ ਦਿੰਦੀ ਹੈ ਤਾਂ ਉਹ ਚੋਣ ਪਿੜ ’ਚ ਉਤਰਨਗੇ। ਬੀਬੀ ਲੂੰਬਾ ਨੇ ਮੰਨਿਆ ਕਿ ਪਾਰਟੀ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਤੇ ਹਲਕਾ ਸ਼ੁਤਰਾਣਾ ਦੀ ਸਮੁੱਚੀ ਲੀਡਰਸ਼ਿਪ ਨੂੰ ਅੱਜ ਭਰੋਸਾ ਦਿਵਾਇਆ ਕਿ ਉਹ ਚੋਣ ਪਿੜ ਤੋਂ ਪਿੱਛੇ ਨਹੀ ਹਟਣਗੇ ਤੇ ਹਲਕੇ ਦੀ ਬਤੌਰ ਹਲਕਾ ਇੰਚਾਰਜ਼ ਵਾਗਡੋਰ ਪਹਿਲਾਂ ਦੀ ਤਰਾਂ ਹੀ ਸੰਭਾਲ ਲੈਣਗੇ।