ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 2 ਜੁਲਾਈ
ਤੇਲ ਕੀਮਤਾਂ ਵਿੱਚ ਵਾਧੇ ਦੇ ਵਿਰੋਧ ’ਚ ਸ਼੍ਰੋਮਣੀ ਅਕਾਲੀ ਦਲ ਵੱਲੋਂ 7 ਜੁਲਾਈ ਨੂੰ ਸ਼ਹਿਰ-ਸ਼ਹਿਰ, ਪਿੰਡ-ਪਿੰਡ ਅਤੇ ਮੁਹੱਲਿਆਂ ਤੱਕ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਇਕ ਮੀਟਿੰਗ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਤੇ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਦੀ ਅਗਵਾਈ ਹੇਠ ਲੋਅਰ ਮਾਲ ਵਿੱਚ ਸਥਿਤ ਸ੍ਰੀ ਜੁਨੇਜਾ ਦੇ ਦਫ਼ਤਰ ਵਿੱਚ ਹੋਈ। ਇਸ ਮੀਟਿੰਗ ਵਿੱਚ ਸਾਬਕਾ ਮੇਅਰ ਜਸਪਾਲ ਪ੍ਰਧਾਨ, ਹਰਿੰਦਰਪਾਲ ਸਿੰਘ ਟੌਹੜਾ, ਨਰਦੇਵ ਸਿੰਘ ਆਕੜੀ ਵੀ ਪਹੁੰਚੇ ਹੋਏ ਸਨ। ਇਸ ਮੌਕੇ ਵਿਧਾਇਕ ਸ੍ਰੀ ਚੰਦੂਮਾਜਰਾ ਅਤੇ ਪ੍ਰਧਾਨ ਜੁਨੇਜਾ ਨੇ ਕਿਹਾ ਕਿ ਰੋਸ ਪ੍ਰਦਰਸ਼ਨ ਦੌਰਾਨ ਕੇਂਦਰ ਸਰਕਾਰ ਤੇ ਸੂਬਾ ਸਰਕਰ ਤੋਂ ਆਪੋ-ਆਪਣਾ ਟੈਕਸ ਵਾਪਸ ਲੈਣ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਤੇਲ ਕੀਮਤਾਂ ’ਤੇ ਰਾਜਨੀਤੀ ਕਰਨ ਦੀ ਬਜਾਏ ਸੂਬਾ ਅਤੇ ਕੇਂਦਰ ਸਰਕਾਰ ਆਪੋ ਆਪਣੇ ਹਿੱਸੇ ਦਾ ਟੈਕਸ ਖਤਮ ਕਰਨ। ਜਿੱਥੋਂ ਤੱਕ ਐੱਮਐੱਸਪੀ ਦਾ ਸਵਾਲ ਹੈ ਤਾਂ ਇਹ ਕਿਸੇ ਐਕਟ ਅਧੀਨ ਨਹੀਂ ਦਿੱਤੀ ਗਈ ਹੈ। ਇਹ ਅਕਾਲੀ ਦਲ ਦੀ ਦੇਣ ਹੈ ਅਤੇ ਅਕਾਲੀ ਦਲ ਹੀ ਇਸ ਦਾ ਰੱਖਿਅਕ ਹੈ।
ਉਨ੍ਹਾਂ ਕਿਹਾ ਕਿ ਸੰਘੀ ਢਾਂਚੇ ਬਾਰੇ ਵੀ ਅਕਾਲੀ ਦਲ ਸਪੱਸ਼ਟ ਕਰ ਚੁੱਕਿਆ ਹੈ ਕਿ ਜਦੋਂ ਵੀ ਸੰਵਿਧਾਨਕ ਮਾਹਿਰਾਂ ਵੱਲੋਂ ਇਹ ਕਿਹਾ ਜਾਵੇਗਾ ਕਿ ਸੰਘੀ ਢਾਂਚੇ ਨਾਲ ਛੇੜਛਾੜ ਕਰ ਕੇ ਰਾਜਾਂ ਦੇ ਅਧਿਕਾਰ ਘਟਾਏ ਜਾ ਰਹੇ ਹਨ ਤਾਂ ਅਕਾਲੀ ਦਲ ਸਭ ਤੋਂ ਅੱਗੇ ਹੋ ਕੇ ਲੜੇਗਾ। ਉਨ੍ਹਾਂ ਕਿਹਾ ਕਿ 7 ਜੁਲਾਈ ਨੂੰ ਗਲੀਆਂ-ਮੁਹੱਲਿਆ ਤੱਕ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।