ਪਟਿਆਲਾ (ਗੁਰਨਾਮ ਸਿੰਘ ਅਕੀਦਾ): ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਜੇਕਰ ਸਰਕਾਰ ਨੇ ਛੋਟੇ ਕਿਸਾਨਾਂ ਦਾ ਉਜਾੜਾ ਨਾ ਰੋਕਿਆ ਤਾਂ ਸ਼੍ਰੋਮਣੀ ਅਕਾਲੀ ਦਲ ਸਰਕਾਰ ਦੇ ਖ਼ਿਲਾਫ਼ ਮੋਰਚਾ ਲਾਉਣ ਲਈ ਮਜਬੂਰ ਹੋਵੇਗਾ।ਅੱਜ ਜ਼ਮੀਨਾਂ ਖ਼ਾਲੀ ਕਰਾਉਣ ਵਾਲੇ ਪੀੜਤ ਕਿਸਾਨ ਸ੍ਰੀ ਚੰਦੂਮਾਜਰਾ ਨੂੰ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਮਿਲੇ ਤੇ ਜਬਰੀ ਜ਼ਮੀਨਾਂ ਖ਼ਾਲੀ ਕਰਵਾਏ ਜਾਣ ਬਾਰੇ ਦੱਸਿਆ। ਚੰਦੂਮਾਜਰਾ ਨੇ ਕਿਸਾਨਾਂ ਦੀ ਗੱਲ ਸੁਣਨ ਮਗਰੋਂ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਛੋਟੇ ਕਿਸਾਨਾਂ ਦਾ ਉਜਾੜਾ ਕਿਸੇ ਵੀ ਕੀਮਤ ‘ਤੇ ਨਹੀਂ ਹੋਣ ਦੇਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਇਸ ਲਈ ਪਹਿਲਾਂ ਪੰਚਾਇਤ ਮੰਤਰੀ, ਫਿਰ ਮੁੱਖ ਮੰਤਰੀ ਨੂੰ ਮਿਲੇਗਾ। ਜੇਕਰ ਫਿਰ ਵੀ ਕੋਈ ਹੱਲ ਨਾ ਨਿਕਲਿਆ ਤਾਂ ਮੋਰਚਾ ਲਾਇਆ ਜਾਵੇਗਾ। ਇਸੇ ਦੌਰਾਨ ‘ਆਪ’ ਆਗੂ ਕੁੰਦਨ ਗੋਗੀਆ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਸਰਪ੍ਰਸਤੀ ਹੇਠ ਕਥਿਤ ਤੌਰ ’ਤੇ ਲੈਂਡ ਮਾਫ਼ੀਆ ਦਾ ਵਿਕਾਸ ਕੀਤਾ ਹੈ, ਹੁਣ ‘ਆਪ’ ਸਰਕਾਰ ਜੰਗਲਾਤ ਦੇ ਸ਼ਾਮਲਾਤ ਤੋਂ ਕਬਜ਼ਾ ਛੁਡਾ ਰਹੀ ਹੈ ਤਾਂ ਅਕਾਲੀ ਦਲ ਵਿਰੋਧ ਕਰ ਰਿਹਾ ਹੈ।