ਗੁਰਨਾਮ ਸਿੰਘ ਚੌਹਾਨ
ਪਾਤੜਾਂ, 14 ਜਨਵਰੀ
ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਗਣਤੰਤਰ ਦਿਵਸ ਵਾਲੇ ਦਿਨ ਦਿੱਲੀ ਵਿੱਚ ਕੀਤੀ ਜਾ ਰਹੀ ਕਿਸਾਨ ਪਰੇਡ ਲਈ ਕਿਸਾਨਾਂ ਨੂੰ ਲਾਮਬੰਦ ਕਰਨ ਲਈ ਫਾਰਮਰ ਵੈੱਲਫੇਅਰ ਫਾਊਂਡੇਸ਼ਨ ਵੱਲੋਂ ਪੀਪਲਜ਼ ਆਰਟ ਗਰੁੱਪ ਪਟਿਆਲਾ ਦੇ ਨਿਰਦੇਸ਼ਕ ਸੱਤਪਾਲ ਬੰਗਾ ਦੀ ਨਿਰਦੇਸ਼ਨਾ ਹੇਠ ਪਿੰਡ ਮੌਲਵੀਵਾਲਾ ਵਿੱਚ ਨੁੱਕੜ ਨਾਟਕ ‘ਇਹ ਜ਼ਮੀਨ ਸਾਡੀ ਹੈ’ ਦਾ ਸਫ਼ਲ ਮੰਚਨ ਕੀਤਾ ਗਿਆ।
ਰੰਗਕਰਮੀ ਸੱਤਪਾਲ ਬੰਗਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਕਾਨੂੰਨ ਕਿਸਾਨ ਵਿਰੋਧੀ ਨਹੀਂ ਸਗੋਂ ਲੋਕ ਵਿਰੋਧੀ ਹਨ ਕਿਉਂਕਿ ਇਨ੍ਹਾਂ ਕਾਨੂੰਨਾਂ ਦਾ ਅਸਰ ਆਮ ਜਨਤਾ ’ਤੇ ਪੈਣਾ ਹੈ। ਜ਼ਰੂਰੀ ਵਸਤਾਂ ਸਬੰਧੀ ਸੋਧ ਬਿੱਲ ਅਤੇ ਬਿਜਲੀ ਐਕਟ ਆਮ ਲੋਕਾਂ ਨੂੰ ਮਾਰਨ ਵਾਲਾ ਹੈ। ਉਨ੍ਹਾਂ ਕਿਹਾ ਕਿ ਅੰਦੋਲਨ ਕਿਸਾਨਾਂ ਨੇ ਸ਼ੁਰੂਆਤ ਜ਼ਰੂਰ ਕੀਤੀ ਹੈ ਪਰ ਇਹ ਲੋਕ ਅੰਦੋਲਨ ਬਣ ਚੁੱਕਿਆ ਹੈ। ਫਾਰਮਰ ਵੈੱਲਫੇਅਰ ਫਾਊਂਡੇਸ਼ਨ ਦੇ ਪ੍ਰਧਾਨ ਭੁਪਿੰਦਰਜੀਤ ਸਿੰਘ ਨੇ ਕਿਸਾਨਾਂ ਨੂੰ ਲਾਮਬੰਦ ਹੋਣ ਦਾ ਸੱਦਾ ਦਿੱਤਾ।