ਖੇਤਰੀ ਪ੍ਰਤੀਨਿਧ
ਪਟਿਆਲਾ, 28 ਜੂਨ
ਪੰਜਾਬੀ ਯੂਨੀਵਰਸਿਟੀ ਅਤੇ ਫੋਰਟਿਸ ਹਸਪਤਾਲ ਮੁਹਾਲੀ ਵਿਚਕਾਰ ਇੱਕ ਇਕਰਾਰਨਾਮਾ ਸਹੀਬੰਦ ਕੀਤਾ ਗਿਆ। ਇਸ ਦੌਰਾਨ ਇਹ ਹਸਪਤਾਲ ਯੂਨੀਵਰਸਿਟੀ ਨਾਲ਼ ਸੂਚੀਬੱਧ ਕੀਤਾ ਗਿਆ ਹੈ। ਇਸ ਤਹਿਤ ਕਰਮਚਾਰੀ, ਫੈਕਲਟੀ ਅਤੇ ਸਟਾਫ, ਭਾਵੇਂ ਉਹ ਸੇਵਾਮੁਕਤ ਵੀ ਹੋਣ, ਨੂੰ ਉਨ੍ਹਾਂ ਉੱਤੇ ਨਿਰਭਰ ਰਿਸ਼ਤੇਦਾਰਾਂ ਸਣੇ ਸੀਜੀਐੱਚਐੱਸ ਦਰਾਂ ਉੱਤੇ ਵੱਖ-ਵੱਖ ਮੈਡੀਕਲ ਸੇਵਾਵਾਂ ਮਿਲ ਸਕਣਗੀਆਂ।
ਕਰਮਚਾਰੀਆਂ ਨੂੰ ਆਪਣੇ ਅਤੇ ਆਪਣੇ ਉੱਤੇ ਨਿਰਭਰ ਲੋਕਾਂ ਲਈ ਆਪਣਾ ਆਈਡੀ ਕਾਰਡ ਅਤੇ ਹੈਲਥ ਕਾਰਡ ਦਿਖਾਉਣਾ ਹੋਵੇਗਾ।
ਇਸ ਮੌਕੇ ਯੂਨੀਵਰਸਿਟੀ ਦੇ ਐਸਐਮਓ ਡਾ. ਰੇਗੀਨਾ ਨੇ ਕਿਹਾ ਕਿ ਇਸ ਨਾਲ ਕਰਮਚਾਰੀਆਂ, ਫੈਕਲਟੀ ਅਤੇ ਉਨ੍ਹਾਂ ਉੱਤੇ ਨਿਰਭਰ ਲੋਕਾਂ ਨੂੰ ਸੀਜੀਐਚਐਸ ਦਰਾਂ ਉੱਤੇ ਸਹੂਲਤਾਂ ਲੈਣ ਵਿੱਚ ਮਦਦ ਮਿਲੇਗੀ। ਵਾਈਸ ਚਾਂਸਲਰ, ਪ੍ਰੋ. ਅਰਵਿੰਦ ਨੇ ਐਸਐਮਓ ਨੂੰ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਬਿਹਤਰ ਸੁਵਿਧਾਵਾਂ ਦੇਣ ਲਈ ਇਸ ਪਹਿਲਕਦਮੀ ਲਈ ਵਧਾਈ ਦਿੱਤੀ। ਡੀਨ ਅਕਾਦਮਿਕ ਡਾ. ਯਸ਼ਪਾਲ ਸ਼ਰਮਾ ਅਤੇ ਨੇ ਰਜਿਸਟਰਾਰ ਡਾ. ਨਵਜੋਤ ਕੌਰ ਨੇ ਇਕਰਾਰਨਾਮੇ ਦਾ ਸਵਾਗਤ ਕੀਤਾ।