ਖੇਤਰੀ ਪ੍ਰਤੀਨਿਧ
ਪਟਿਆਲਾ, 6 ਅਗਸਤ
ਪੰਜਾਬੀ ਯੂਨੀਵਰਸਿਟੀ ਵੱਲੋਂ ਖੋਜ ਅਤੇ ਸਾਹਿਤ ਦੇ ਖੇਤਰ ਦੀ ਚੋਰੀ ਸੰਬੰਧੀ ਸਮੱਗਰੀ ਦੀ ਨਿਸ਼ਾਨਦੇਹੀ ਕਰਨ ਵਾਲ਼ੇ ਡਿਜੀਟਲ ਟੂਲ ਨੂੰ ਪ੍ਰੋਡਕਟ ਪੱਧਰ ਉੱਤੇ ਵਿਕਸਤ ਕਰਨ ਲਈ ਇੱਕ ਅਹਿਮ ਇਕਰਾਰਨਾਮੇ ਉੱਤੇ ਹਸਤਾਖਰ ਕੀਤੇ ਗਏ ਹਨ। ਪੰਜਾਬੀ ਯੂਨੀਵਰਸਿਟੀ ਦੇ ਅਧਿਕਾਰੀਆਂ ਵੱਲੋਂ ਬਲੂਏਵਜ਼ ਈ-ਹੈਲਥ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਨਾਲ ‘ਇੰਡਸਟਰੀ ਅਕੈਡਮੀਆ ਰਿਸਰਚ ਕੋਲੈਬੋਰੇਸ਼ਨ’ ਉੱਤੇ ਦਸਤਖਤ ਕੀਤੇ ਗਏ। ਕੰਪਿਊਟਰ ਵਿਗਿਆਨ ਵਿਭਾਗ ਦੇ ਪ੍ਰੋ. ਵਿਸ਼ਾਲ ਗੋਇਲ ਨੇ ਦੱਸਿਆ ਕਿ 2019 ਕੰਪਿਊਟਰ ਸਾਇੰਸ ਵਿਭਾਗ ਤੋਂ ਉਨ੍ਹਾਂ ਨੂੰ ਅਤੇ ਡੀਏਵੀ ਕਾਲਜ ਜਲੰਧਰ ਤੋਂ ਡਾ. ਰਾਜੀਵ ਪੁਰੀ ਨੂੰ ਇਸ ਮਾਮਲੇ ਵਿੱਚ ਹਿੰਦੀ ਅਤੇ ਪੰਜਾਬੀ ਭਾਸ਼ਾਵਾਂ ਉੱਤੇ ਵਿਸ਼ੇਸ਼ ਧਿਆਨ ਕੇਂਦਰਿਤ ਕਰਦੇ ਹੋਏ ਭਾਰਤੀ ਭਾਸ਼ਾਵਾਂ ਵਿੱਚ ਸਾਹਿਤਕ ਚੋਰੀ ਫੜਨ ਸਬੰਧੀ ਖੋਜ ਟੂਲ ਦੇ ਵਿਕਾਸ ਲਈ 20 ਲੱਖ ਦੀ ਗ੍ਰਾਂਟ ਹਾਸਲ ਹੋਈ ਸੀ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਇਸ ਪ੍ਰਾਜੈਕਟ ਦੇ ਕੰਮ ਨੂੰ ਰਸਮੀ ਤੌਰ ਉੱਤੇ ਸਮਰਥਨ ਦਿੱਤਾ ਗਿਆ ਹੈ। ਜਿਸ ਮਗਰੋਂ ਇਹ ਟੀਮ ਬਲੂਏਵਜ਼ ਈ-ਹੈਲਥ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਨਾਲ ਇਕਰਾਰਨਾਮਾ ਕਰਨ ਲਈ ਸਹਿਮਤ ਹੋ ਗਈ।