ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ, 18 ਜੂਨ
ਭਾਰਤੀ ਫੌਜ ਵਿੱਚ ਕੇਂਦਰ ਸਰਕਾਰ ਵੱਲੋਂ ਭਰਤੀ ਲਈ ਐਲਾਨੀ ਗਈ ਨਵੀਂ ਯੋਜਨਾ ਅਗਨੀਪਥ ਖ਼ਿਲਾਫ਼ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਪੁਲੀਸ ਨੇ ਇਹਤਿਆਤ ਵਜੋਂ ਇੱਥੋਂ ਦੇ ਰੇਲਵੇ ਸਟੇਸ਼ਨ ’ਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਡੀ.ਐੱਸ.ਪੀ. ਗੁਰਬੰਸ ਸਿੰਘ ਬੈਂਸ ਵੀ ਉਨ੍ਹਾਂ ਨਾਲ ਸਨ। ਜ਼ਿਲ੍ਹਾ ਪੁਲੀਸ ਮੁਖੀ ਪਟਿਆਲਾ ਦੀਪਕ ਪਾਰਿਖ ਨੇ ਕਿਹਾ ਕਿ ਦੇਸ਼ ਦੇ ਕਈ ਸੂਬਿਆਂ ਵਿੱਚ ‘ਅਗਨੀਪਥ’ ਸਕੀਮ ਖ਼ਿਲਾਫ਼ ਪ੍ਰਦਰਸ਼ਨ ਹੋ ਰਹੇ ਹਨ। ਇਸ ਦੇ ਮੱਦੇਨਜ਼ਰ ਪੰਜਾਬ ਦੇ ਪ੍ਰਵੇਸ਼ ਦੁਆਰ ’ਤੇ ਬਣੇ ਰੇਲਵੇ ਸਟੇਸ਼ਨ ਰਾਜਪੁਰਾ ਸਮੇਤ ਹੋਰਨਾਂ ਰੇਲਵੇ ਸਟੇਸ਼ਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਰੇਲਵੇ ਪੁਲੀਸ, ਰੇਲਵੇ ਪ੍ਰੋਟੈਕਸ਼ਨ ਫੋਰਸ ਅਤੇ ਜ਼ਿਲ੍ਹਾ ਪੁਲੀਸ ਨੂੰ ਤਾਇਨਾਤ ਕੀਤਾ ਗਿਆ ਹੈ ਤਾਂ ਜੋ ਅਣਸੁਖਾਵੀਂ ਘਟਨਾ ਨਾ ਵਾਪਰੇ। ਉਨ੍ਹਾਂ ਕਿਹਾ ਕਿ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਸਰਕਾਰੀ ਜਾਂ ਹੋਰ ਰੇਲਵੇ ਜਾਇਦਾਦ ਨੂੰ ਨੁਕਸਾਨ ਨਹੀਂ ਪਹੁੰਚਾਉਣ ਦਿੱਤਾ ਜਾਵੇਗਾ। ਅਜਿਹੇ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਮੌਕੇ ਥਾਣਾ ਸਿਟੀ ਦੀ ਮੁਖੀ ਇੰਸਪੈਕਟਰ ਹਰਮਨਪ੍ਰੀਤ ਸਿੰਘ ਚੀਮਾ ਅਤੇ ਰੇਲਵੇ ਪੁਲੀਸ ਚੌਕੀ ਇੰਚਾਰਜ ਜਸਵਿੰਦਰ ਸਿੰਘ ਸਮੇਤ ਹੋਰ ਮੌਜੂਦ ਸਨ।