ਪਟਿਆਲਾ (ਖੇਤਰੀ ਪ੍ਰਤੀਨਿਧ): ਇਥੇ ਕੇਂਦਰੀ ਜੇਲ੍ਹ ਪਟਿਆਲਾ ਦੇ ਉੱਪਰੋਂ ਦੀ 19 ਮਈ ਦੀ ਰਾਤ ਨੂੰ ਡਰੋਨ ਲੰਘਣ ਦਾ ਖਦਸ਼ਾ ਜਤਾਇਆ ਗਿਆ ਹੈ। ਇਸੇ ਕੜੀ ਵਜੋਂ ਪਹਿਲਾਂ ਅੱਧੀ ਰਾਤ ਤੱਕ ਜੇਲ੍ਹ ਪ੍ਰਸ਼ਾਸਨ ਨੇ ਜੇਲ੍ਹ ਦੀ ਚਾਰਦੀਵਾਰੀ ਦੇ ਅੰਦਰ ਤਲਾਸ਼ੀ ਲਈ। ਇਸ ਮਗਰੋਂ ਸ਼ੁੱਕਰਵਾਰ ਸਵੇਰੇ ਪੰਜ ਵਜੇ ਤੋਂ ਡੇਢ ਸੌ ਪੁਲੀਸ ਮੁਲਾਜ਼ਮਾਂ ਨੇ ਤਲਾਸ਼ੀ ਮੁਹਿੰਮ ਚਲਾ ਕੇ ਸੂਹੀਆ ਕੁੱਤਿਆਂ ਨਾਲ 94 ਏਕੜ ’ਚ ਬਣੀ ਜੇਲ੍ਹ ਦਾ ਚੱਪਾ-ਚੱਪਾ ਛਾਣਿਆ। ਬੈਰਕਾਂ ਤੇ ਸੈੱਲਾਂ ਦੀ ਵੀ ਤਲਾਸ਼ੀ ਲਈ ਗਈ, ਪਰ ਕੋਈ ਇਤਰਾਜ਼ਯੋਗ ਵਸਤੂ ਨਹੀਂ ਮਿਲੀ। ਹਾਲਾਂਕਿ ਜੇਲ੍ਹ ਅਧਿਕਾਰੀਆਂ ਵੱਲੋਂ ਇਸ ਸਬੰਧੀ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ, ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ 19 ਮਈ ਨੂੰ ਰਾਤ ਅੱਠ ਵਜੇ ਦੇ ਕਰੀਬ ਸੁਰੱਖਿਆ ਮੁਲਾਜ਼ਮਾਂ ਨੇ ਕੈਮਰੇ ਰਾਹੀਂ ਜੇੇਲ੍ਹ ਦੇ ਉਪਰੋਂ ਕੋਈ ਡਰੋਨਨੁਮਾ ਚੀਜ਼ ਲੰਘਦੀ ਵੇਖੀ ਤੇ ਇਸ ਬਾਰੇ ਜੇਲ੍ਹ ਸੁਪਰਡੈਂਟ ਮਨਜੀਤ ਟਿਵਾਣਾ ਨੂੰ ਸੂਚਿਤ ਕੀਤਾ। ਜੇਲ੍ਹ ਸੁਪਰਡੈਂਟ ਨੇ ਐਡੀਸ਼ਨਲ ਸੁਪਰਡੈਂਟ ਗੁਰਚਰਨ ਧਾਲੀਵਾਲ ਤੇ ਹੋਰ ਅਧਿਕਾਰੀਆਂ/ਕਰਮਚਾਰੀਆਂ ਨੂੰ ਨਾਲ ਲੈ ਕੇ ਅੱਧੀ ਰਾਤ ਤੱਕ ਜੇਲ੍ਹ ਦੀ ਤਲਾਸ਼ੀ ਲਈ। ਜੇਲ੍ਹ ਅਧਿਕਾਰੀਆਂ ਨੂੰ ਖਦਸ਼ਾ ਸੀ ਕਿ ਡਰੋਨ ਰਾਹੀਂ ਨਸ਼ੀਲੇ ਪਦਾਰਥ, ਫੋਨ ਤੇ ਵਿਸਫੋਟਕ ਸਮੱਗਰੀ ਜੇਲ੍ਹ ਅੰਦਰ ਸੁੱਟੇ ਜਾ ਸਕਦੇ ਹਨ, ਪਰ ਤਲਾਸ਼ੀ ਮੁਹਿੰਮ ਦੌਰਾਨ ਕੁਝ ਵੀ ਨਹੀਂ ਮਿਲਿਆ।