ਗੁਰਨਾਮ ਸਿੰਘ ਚੌਹਾਨ
ਪਾਤੜਾਂ, 20 ਜੁਲਾਈ
ਮੁਥੂਟ ਫਿਨਕਾਰਪ ਦੀ ਸਥਾਨਕ ਸ਼ਾਖਾ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਲਾਇਆ ਧਰਨਾ ਸਮਝੌਤੇ ਮਗਰੋਂ ਚੁੱਕ ਲਿਆ ਹੇੈ। ਫਾਇਨਾਂਸ ਕੰਪਨੀ ਦੇ ਅਧਿਕਾਰੀਆਂ ਨੇ ਪਿੰਡ ਹਰੀਗੜ੍ਹ ਦੇ ਕਿਸਾਨ ਨੂੰ ਲਾਏ ਗਏ ਵਿਆਜ ਵਿਚ ਵੱਡੀ ਕਟੌਤੀ ਕਰਕੇ ਮਸਲਾ ਸੁਲਝਾ ਲਿਆ ਹੈ। ਅਧਿਕਾਰੀਆਂ ਨੇ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਹੇੈ ਕਿ ਅੱਗੇ ਤੋਂ ਕਿਸੇ ਨਾਲ ਅਜਿਹਾ ਨਹੀਂ ਹੋਵੇਗਾ। ਯੂਨੀਅਨ ਦੀ ਪਿੰਡ ਹਰੀਗੜ੍ਹ ਇਕਾਈ ਦੇ ਪ੍ਰਧਾਨ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਹਰੀਗੜ੍ਹ ਦੇ ਕਿਸਾਨ ਹਰਬੰਸ ਸਿੰਘ ਨੂੰ ਮੁਥੂਟ ਫਿਨਕਾਰਪ ਦੀ ਪਾਤੜਾਂ ਬ੍ਰਾਂਚ ਵੱਲੋਂ ਕਰਜ਼ੇ ’ਤੇ ਨਿਰਧਾਰਤ ਵਿਆਜ ਨਾਲੋਂ ਦੁੱਗਣੇ ਤੋਂ ਵੀ ਵੱਧ ਵਿਆਜ ਲਾ ਕੇ ਅਤੇ ਉਸ ਵਲੋਂ ਭਰੀਆਂ ਕਿਸ਼ਤਾਂ ਦੀਆਂ ਰਸੀਦਾਂ ਨਾ ਦੇ ਕੇ ਖੁਆਰ ਕੀਤਾ ਜਾ ਰਿਹਾ ਸੀ। ਪੀੜਤ ਨੇ ਯੂਨੀਅਨ ਤਕ ਪਹੁੰਚ ਕੀਤੀ ਅਤੇ ਕਿਸਾਨ ਜਥੇਬੰਦੀ ਦੇ ਆਗੂਆਂ ਨੇ ਕੰਪਨੀ ਅਧਿਕਾਰੀਆਂ ਨਾਲ ਗੱਲ ਕੀਤੀ ਪਰ ਉਹ ਨਾ ਮੰਨੇ ਜਿਸ ਮਗਰੋਂ ਧਰਨਾ ਲਾਇਆ ਗਿਆ। ਫਾਈਨਾਂਸ ਕੰਪਨੀ ਦੇ ਅਧਿਕਾਰੀਆਂ ਨੇ ਪੀੜਤ ਨਾਲ ਸਮਝੌਤੇ ਮਗਰੋਂ ਧਰਨੇ ਵਿਚ ਆ ਕੇ ਯਕੀਨ ਦਿਵਾਇਆ ਹੈ ਕਿ ਕਿਸਾਨ ਹਰਬੰਸ ਸਿੰਘ ਤੋਂ 55 ਪੈਸੇ ਪ੍ਰਤੀ ਸੈਂਕੜੇ ਦੇ ਹਿਸਾਬ ਨਾਲ ਹੀ ਵਿਆਜ ਲਿਆ ਜਾਵੇਗਾ। ਇਸ ਭਰੋੇਸੇ ਮਗਰੋਂ ਕਿਸਾਨ ਜਥੇਬੰਦੀ ਨੇ ਧਰਨਾ ਚੁੱਕ ਲਿਆ।