ਸਰਬਜੀਤ ਸਿੰਘ ਭੰਗੂ
ਪਟਿਆਲਾ, 27 ਸਤੰਬਰ
ਕਾਂਗਰਸ ਵਿਧਾਇਕ ਦਲ ’ਚ ਪੁਰਾਣੇ ਤੇ ਟਕਸਾਲੀ ਨੇਤਾ ਬ੍ਰਹਮ ਮਹਿੰਦਰਾ ਨੂੰ ਮਿਲਿਆ ਉਪ ਮੁੱਖ ਮੰਤਰੀ ਦਾ ਵਕਾਰੀ ਅਹੁਦਾ ਤਾਂ ਭਾਵੇਂ ਕੈਪਟਨ-ਸਿੱਧੂ ਵਿਵਾਦ ਦੀ ਭੇਟ ਚੜ੍ਹ ਗਿਆ ਸੀ। ਫਿਰ ਉਨ੍ਹਾਂ ਨੂੰ ਸਪੀਕਰ ਬਣਵਾਉਣ ਲਈ ਵੀ ਵਿਉਂਤਾਂ ਗੁੰਦੀਆਂ ਗਈਆਂ ਪਰ ਉਹ ਵਜ਼ੀਰੀ ਬਚਾਉਣ ’ਚ ਸਫ਼ਲ ਰਹੇ ਹਨ। ਬ੍ਰਹਮ ਮਹਿੰਦਰਾ ਅਤੇ ਅਮਰਿੰਦਰ ਸਿੰਘ ਸ਼ਾਹੀ ਸ਼ਹਿਰ ਵਿਚਲੇ ਹੀ ਦੋ ਹਲਕਿਆਂ ਤੋਂ ਵਿਧਾਇਕ ਹਨ ਤੇ ਰਿਹਾਇਸ਼ਾਂ ਵੀ ਆਹਮੋ-ਸਾਹਮਣੇ ਹਨ। ਪਰ ਤਾਜ਼ਾ ਪਾਰੀ ’ਚ ਪਤਾ ਨਹੀਂ ਕਿਵੇਂ ਇਹ ਦੋਵੇਂ ਨੇਤਾ ਘਿਓ-ਖਿਚੜੀ ਹੋਏ ਰਹੇ। ਬ੍ਰਹਮ ਮਹਿੰਦਰਾ ਜ਼ਿੱਦੀ ਸੁਭਾਅ ਦੇ ਮੰਨੇ ਜਾਂਦੇ ਹਨ।
ਇਹ ਵੱਖਰੀ ਗੱਲ ਹੈ ਕਿ ਕੈਪਟਨ-ਸਿੱਧੂ ਵਿਵਾਦ ਦੌਰਾਨ ਬਾਜ਼ੀ ਪੁੱਠੀ ਪੈ ਗਈ। ਟਵੀਟਾਂ ਸਬੰਧੀ ਮੁਆਫ਼ੀ ਨਾ ਮੰਗੇ ਜਾਣ ਤੱਕ ਨਵਜੋਤ ਸਿੱੱਧੂ ਨੂੰ ਨਾ ਮਿਲਣ ਦਾ ਦਾਗਿਆ ਗਿਆ ਬਿਆਨ ਮਹਿੰਦਰਾ ’ਤੇ ਇੰਨਾ ਭਾਰੂ ਪਿਆ ਕਿ ਉਪ ਮੱਖ ਮੰਤਰੀ ਦਾ ਅਹੁਦਾ ਘਰੋਂ ਆ ਕੇ ਮੁੜ ਗਿਆ।
ਵਿਦਿਆਰਥੀ ਜੀਵਨ ਤੋਂ ਹੀ ਚੰੰਗਾ ਦਬਦਬਾ ਰੱਖਦੇ ਆ ਰਹੇ ਤੇ ਖ਼ੁਦ ਹਿੰਦੂ ਮੱਤ ਨਾਲ਼ ਸਬੰਧਿਤ ਬ੍ਰਹਮ ਮਹਿੰਦਰਾ ਦੀ ਪਤਨੀ ਹਰਪ੍ਰੀਤ ਕੌਰ ਜੱਟ ਸਿੱਖ ਜਾਤੀ ਵਿੱਚੋਂ ਹਨ। ਮੁੱਢ ਤੋਂ ਹੀ ਕਾਂਗਰਸ ਨਾਲ਼ ਮਹਿੰਦਰਾ ਪਹਿਲੀ ਵਾਰ 1980 ’ਚ ਪਟਿਆਲਾ ਤੋਂ ਵਿਧਾਇਕ ਬਣੇ। ਬਲਿਊ ਸਟਾਰ ਅਪਰੇਸ਼ਨ ਮਗਰੋਂ 1985 ’ਚ ਜੀਰਕਪੁਰ ਤੋਂ ਬਠਿੰਡਾ ਤੱਕ ਬਹੁਤੇ ਕਾਂਗਰਸੀ ਹਾਰ ਗਏ ਸਨ, ਪਰ ਮਹਿੰਦਰਾ ਜੇਤੂ ਹੋ ਕੇ ਨਿਕਲ਼ੇ ਸਨ। 1992 ’ਚ ਵੀ ਤੀਜੀ ਵਾਰ ਵਿਧਾਇਕ ਬਣ ਕੇ ਸਿਹਤ ਮੰਤਰੀ ਵੀ ਬਣੇ। 1997 ’ਚ ਅਕਾਲੀ ਦਲ ਦੇ ਸੁਰਜੀਤ ਕੋਹਲੀ ਤੋਂ ਹਾਰ ਗਏ।
ਫੇਰ 2002 ’ਚ ਕਾਂਗਰਸ ਪ੍ਰਧਾਨ ਵਜੋਂ ਅਮਰਿੰਦਰ ਸਿੰਘ ਜੋੜਾਂ ’ਚ ਬੈਠ ਗਏ। ਉਨ੍ਹਾਂ ਲਈ ਸੀਟ ਖਾਲੀ ਕਰਨ ਕਰ ਕੇ ਬ੍ਰਹਮ ਮਹਿੰਦਰਾ ਨੂੰ ਸਮਾਣੇ ਜਾਣਾ ਪਿਆ। ਫਿਰ 2012 ’ਚ ਪਟਿਆਲਾ ਦਿਹਾਤੀ ਨਵਾਂ ਹਲਕਾ ਬਣਿਆ, ਤਾਂ ਸ਼ਾਹੀ ਘੁਰਾਣੇ ਨੇ ਆਪਣੇ ਫਰਜ਼ੰਦ ਰਣਇੰਦਰ ਟਿੱਕੂ ਨੂੰ ਸ਼ੰਗਾਰ ਲਿਆ ਪਰ ਅਮਰਿੰਦਰ ਸਿੰਘ ਵੱਲੋਂ ਵੀ ਅੱਡੀ ਚੋਟੀ ਦਾ ਜ਼ੋਰ ਲਾਉਣ ਦੇ ਬਾਵਜੂਦ ਬ੍ਰ੍ਰਹਮ ਮਹਿੰਦਰਾ ਇਸ ਨਵੇਂ ਹਲਕੇ ਤੋਂ ਟਿਕਟ ਲੈਣ ’ਚ ਕਾਮਯਾਬ ਰਹੇ। ਇਸ ਨਵੇਂ ਹਲਕੇ ਦੀਆਂ 2012 ਅਤੇ 2017 ਦੀਆਂਂ ਚੋਣਾਂ ’ਚ ਬ੍ਰਹਮ ਮਹਿੰਦਰਾ ਭਾਰੀ ਬਹੁਮਤ ਨਾਲ਼ ਜਿੱਤੇ ਹਨ। ਐਤਕੀਂ ਬ੍ਰਹਮ ਮਹਿੰਦਰਾ ਵੀ ਆਪਣੇ ਫਰਜੰਦ ਮੋਹਿਤ ਮਹਿੰਦਰਾ ਨੂੰ ਇੱਥੋਂ ਮੈਦਾਨ ’ਚ ਉਤਾਰਨਾ ਲੋਚਦੇ ਹਨ।