ਸਰਬਜੀਤ ਸਿੰਘ ਭੰਗੂ
ਪਟਿਆਲਾ, 1 ਸਤੰਬਰ
ਪਟਿਆਲਾ ਵਿੱਚ ਪਿਛਲੇ ਮਹੀਨੇ ਨਵੇਂ ਆਏ ਐੱਸਐੱਸਪੀ ਵਿਕਰਮਜੀਤ ਦੁੱਗਲ (ਆਈਪੀਐਸ) ਵੱਲੋਂ ਆਉਂਦਿਆਂ ਹੀ ਵਿੱਢੀਆਂ ਗਈਆਂ ਜ਼ੋਰਦਾਰ ਸਰਗਰਮੀਆਂ ਦੇ ਚੱਲਦਿਆਂ ਭਾਵੇਂ ਕਿ ਉਹ ਕਰੋਨਾ ਦੀ ਲਪੇਟ ’ਚ ਆ ਗਏ ਸਨ ਪਰ ਸਿਹਤ ਵਿਭਾਗ ਦੀ ਸਲਾਹ ਤਹਿਤ ਦੋ ਹਫਤਿਆਂ ਤੋਂ ਵੀ ਵੱਧ ਸਮਾਂ ਇਕਾਂਤਵਾਸ ਰਹਿਣ ਦੌਰਾਨ ਉਹ ਕਰੋਨਾ ਨੂੰ ਮਾਤ ਦੇ ਚੁੱਕੇ ਹਨ ਤੇ ਉਨ੍ਹਾਂ ਨੇ ਮੁੜ ਡਿਊਟੀ ਤੇ ਜ਼ਿੰਮੇਵਾਰੀ ਵਾਲਾ ਪਿੜ ਮੱਲ ਲਿਆ ਹੈ। ਉਂਜ ਇਕਾਂਤਵਾਸ ਦੇ ਸਮੇਂ ਦੌਰਾਨ ਵੀ ਭਾਵੇਂ ਉਹ ਫੋਨ ਰਾਹੀਂ ਜ਼ਿਲ੍ਹੇ ਦੀ ਸਮੁੱਚੀ ਪੁਲੀਸ ਨਾਲ਼ ਸੰਪਰਕ ਰੱਖਦਿਆਂ ਪਲ ਪਲ ਦੀ ਖ਼ਬਰ ਰੱਖਦੇ ਰਹੇ ਹਨ। ਹੁਣ ਉਨ੍ਹਾਂ ਬਾਕਾਇਦਾ ਦਫ਼ਤਰ ਆਉਣਾ ਸ਼ੁਰੂ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਟਿਆਲਾ ’ਚ ਤਾਇਨਾਤੀ ਦੇ ਤੁਰੰਤ ਬਾਅਦ ਹੀ ਅੰਮ੍ਰਿਤਸਰ ਖੇਤਰ ’ਚ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਦੀ ਵਾਪਰੀ ਘਟਨਾ ਨਾਲ ਪਟਿਆਲਾ ਦੇ ਵੀ ਤਾਰ ਜੁੜਨ ਕਰਕੇ ਸ੍ਰੀ ਦੁੱਗਲ ਨੇ ਆਉਂਦਿਆਂ ਹੀ ਮੋਰਚਾ ਸੰਭਾਲ਼ ਲਿਆ ਸੀ। ਜਿਸ ਦੌਰਾਨ ਸ਼ਰਾਬ ਤਸਕਰਾਂ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਦੀ ਅਗਵਾਈ ਉਨ੍ਹਾਂ ਨੇ ਖੁਦ ਕੀਤੀ। ਇਸ ਦੌਰਾਨ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ ਕਰਕੇ ਕਈਆਂ ਨੂੰ ਥਾਣੇ ਡੱਕਿਆ। ਫਿਰ ਲੋਕਾਂ ਨੂੰ ਕਰੋਨਾ ਦੀ ਲਾਗ ਤੋਂ ਬਚਾਉਣ ਲਈ ਲਾਏ ਗਏ ਰਾਤ ਦੇ ਕਰਫਿਊ ਨੂੰ ਮੁਕੰਮਲ ਰੂਪ ’ਚ ਲਾਗੂ ਕਰਵਾਉਣ ਲਈ ਉਹ ਖੁਦ ਅੱਧੀ ਅੱਧੀ ਰਾਤ ਤੱਕ ਸ਼ਹਿਰ ਤੇ ਇਲਾਕੇ ਵਿੱਚ ਘੁੰਮਦੇ ਰਹੇ। ਪਰ ਇਸ ਦੌਰਾਨ ਹੀ ਉਹ ਖੁਦ ਵੀ ਕਰੋਨਾ ਪਾਜ਼ੇਟਿਵ ਪਾਏ ਗਏ। ਜਿਸ ਦੇ ਚੱਲਦਿਆਂ ਉਹ 17 ਦਿਨ ਘਰ ਹੀ ਇਕਾਂਤਵਾਸ ਰਹੇ ਤੇ ਹੁਣ ਮੁੜ ਦਫ਼ਤਰੀ ਕੁਰਸੀ ਸੰਭਾਲਦਿਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ।
ਮਾੜੇ ਅਨਸਰਾਂ,ਖਾਸ ਕਰਕੇ ਨਸ਼ੀਲੇ ਪਦਾਰਥਾਂ ਤੇ ਸ਼ਰਾਬ ਦੀ ਤਸਕਰੀ ਕਰਨ ਜਾਂ ਕਰਵਾਉਣ ਵਾਲਿਆਂ ਨੂੰ ਉਨ੍ਹਾਂ ਨੇ ਸਖ਼ਤ ਤਾੜਨਾ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪੈਸੇ ਲੈ ਕੇ ਸ਼ਰਾਬ ਤਸਕਰ ਨੂੰ ਛੱਡਣ ਸਬੰਧੀ ਉਨ੍ਹਾਂ ਦੇ ਆਦੇਸ਼ਾਂ ’ਤੇ ਇੱਕ ਥਾਣੇਦਾਰ ਤੇ ਹੌਲਦਾਰ ਖ਼ਿਲਾਫ਼ ਕੇਸ ਦਰਜ ਹੋਣ ਸਮੇਤ ਸ਼ਰਾਬ ਤਸਕਰ ਨੂੰ ਭਜਾਉਣ ਸਬੰਧੀ ਦੋ ਥਾਣੇਦਾਰਾਂ ਤੇ ਇੱਕ ਸਿਪਾਹੀ ਨੂੰ ਮੁਅੱਤਲ ਕੀਤਾ ਜਾ ਚੁੱਕਾ ਹੈ।