ਅਸ਼ਵਨੀ ਗਰਗ
ਸਮਾਣਾ, 9 ਨਵੰਬਰ
ਨਗਰ ਕੌਂਸਲ ਸਮਾਣਾ ਦੀ ਸਥਾਨਕ ਵੜੈਚਾਂ ਰੋਡ ’ਤੇ ਖਾਲੀ ਪਈ 23 ਏਕੜ ਜ਼ਮੀਨ ਜਿਸ ਨੂੰ ਪਿਛਲੀ ਅਕਾਲੀ ਭਾਜਪਾ ਸਰਕਾਰ ਸਮੇਂ ਲੰਮੀ ਜੱਦੋ-ਜਹਿਦ ਤੇ ਕੋਰਟ ਕੇਸ ਉਪਰੰਤ ਖਾਲੀ ਕਰਵਾਇਆ ਗਿਆ ਸੀ ਤੇ ਫ਼ਿਰ ਤੋਂ ਨਾਜਾਇਜ਼ ਕਬਜ਼ੇ ਕੀਤੇ ਜਾ ਰਹੇ ਹਨ, ਹਾਲਾਂਕਿ ਇਸ ਕੰਮ ਵਿਚ ਸੱਤਾਧਾਰੀ ਆਗੂਆਂ ਦੇ ਸ਼ਾਮਲ ਹੋਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ। ਨਗਰ ਕੌਂਸਲ ਵੱਲੋਂ ਅੱਜ ਇਸੇ ਜ਼ਮੀਨ ’ਤੇ ਇੱਕ ਪਲਾਟ ’ਤੇ ਬੀਤੇ ਦਿਨੀਂ ਕੀਤੇ ਗਏ ਨਾਜਾਇਜ਼ ਕਬਜ਼ੇ ਨੂੰ ਤੋੜ ਕੇ ਕਬਜ਼ਾ ਛੁਡਾਇਆ ਗਿਆ। ਹਾਲਾਂਕਿ ਕਬਜ਼ਾ ਛੁਡਾਉਣ ਗਈ ਨਗਰ ਕੌਂਸਲ ਦੀ ਟੀਮ ਨੂੰ ਇਸ ਦੌਰਾਨ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਅਜਿਹਾ ਕਰਨ ਤੋਂ ਰੋਕਣ ਦੇ ਨਾਲ ਨਾਲ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਇਸ ਸਬੰਧੀ ਟੀਮ ਵੱਲੋਂ ਸ਼ਿਕਾਇਤ ਕੀਤੀ ਗਈ ਹੈ। ਇਸ ਬਾਰੇ ਜਦੋਂ ਨਗਰ ਕੌਂਸਲ ਦੇ ਕਾਰਜ ਸਾਧਕ ਅਧਿਕਾਰੀ ਮੁਕੇਸ਼ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਸੀ ਕਿ ਕਿਸੇ ਵਿਅਕਤੀ ਨੇ ਜ਼ਮੀਨ ’ਤੇ ਕਬਜ਼ਾ ਕੀਤਾ ਹੈ ਜਿਸ ਨੂੰ ਅਸੀਂ ਤੁਰੰਤ ਤੋੜ ਦਿੱਤਾ। ਉਨ੍ਹਾਂ ਕਿਹਾ ਕਿ ਇਹ ਜ਼ਮੀਨ ਨਗਰ ਕੌਂਸਲ ਦੀ ਹੈ ਜਿਸ ’ਤੇ ਕਿਸੇ ਨੂੰ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ।
ਬੱਸ ਅੱਡੇ ਦੁਆਲਿਓਂ ਨਾਜਾਇਜ਼ ਕਬਜ਼ੇ ਹਟਾਏ
ਸਮਾਣਾ: ਪੀਆਰਟੀਸੀ ਦੀ ਸ਼ਿਕਾਇਤ ’ਤੇ ਨਗਰ ਕੌਂਸਲ ਸਮਾਣਾ ਵੱਲੋਂ ਅੱਜ ਸਥਾਨਕ ਬੱਸ ਸਟੈਂਡ ਦੇ ਆਲੇ ਦੁਆਲੇ ਅਤੇ ਬੱਸ ਸਟੈਂਡ ਦੇ ਅੰਦਰ ਦੁਕਾਨਾਂ ਤੇ ਰੇਹੜੀ ਵਾਲਿਆਂ ਵੱਲੋਂ ਕੀਤੇ ਨਾਜਾਇਜ਼ ਕਬਜ਼ੇ ਹਟਾਏ। ਦੱਸ ਦਈਏ ਕਿ ਪੀਆਰਟੀ ਦੇ ਸਮਾਣਾ ਬੱਸ ਅੱਡੇ ਦੇ ਅਧਿਕਾਰੀਆਂ ਨੇ ਨਗਰ ਕੌਂਸਲ ਸਮਾਣਾ ਦੇ ਅਧਿਕਾਰੀਆਂ ਨੂੰ ਬੱਸ ਸਟੈਂਡ ਦੇ ਅੰਦਰ ਤੇ ਆਲੇ ਦੁਆਲੇ ਨਾਜਾਇਜ਼ ਕਬਜ਼ਿਆਂ ਕਾਰਨ ਬੱਸਾਂ ਤੇ ਸਵਾਰੀਆਂ ਨੂੰ ਆ ਰਹੀ ਪ੍ਰੇਸ਼ਾਨੀ ਬਾਰੇ ਲਿਖਤੀ ਸ਼ਿਕਾਇਤ ਕੀਤੀ ਸੀ ਜਿਸ ’ਤੇ ਨਗਰ ਕੌਂਸਲ ਨੇ ਅੱਜ ਪੁਲੀਸ ਪਾਰਟੀ ਦੀ ਸਹਾਇਤਾ ਨਾਲ ਬੱਸ ਸਟੈਂਡ ਅੰਦਰ ਅਤੇ ਬੱਸ ਸਟੈਂਡ ਦੇ ਆਲੇ ਦੁਆਲੇ ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਵੱਲੋਂ ਕੀਤੇ ਨਾਜਾਇਜ਼ ਕਬਜ਼ੇ ਹਟਾਏ ਤੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਕਿ ਜੇ ਉਨ੍ਹਾਂ ਵੱਲੋਂ ਮੁੜ ਨਾਜਾਇਜ਼ ਕਬਜ਼ੇ ਕਰਨ ਦਾ ਯਤਨ ਕੀਤਾ ਗਿਆ ਤਾਂ ਉਨ੍ਹਾਂ ਦਾ ਸਾਮਾਨ ਜਬਤ ਕਰ ਲਿਆ ਜਾਵੇਗਾ ਤੇ ਉਨ੍ਹਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।