ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ, 16 ਜੁਲਾਈ
ਇੱਥੋਂ ਦੀ ਟਰੱਕ ਅਪਰੇਟਰਜ਼ ਸੁਸਾਇਟੀ (ਯੂਨੀਅਨ) ਜਿਹੜੀ ਕਰੀਬ 27 ਸਾਲ ਪਹਿਲਾਂ ਭੰਗ ਹੋ ਗਈ ਸੀ, ਅੱਜ ਇਸ ਯੂਨੀਅਨ ਵਿੱਚ 27 ਸਾਲ ਬਾਅਦ ਮੁੜ ਪੁਕਾਰ ਦੀ ਘੰਟੀ ਵੱਜੀ। ਇਸ ਨਾਲ ਟਰੱਕ ਮਾਲਕਾਂ ਅਤੇ ਚਾਲਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ।
ਇਸ ਤੋਂ ਪਹਿਲਾਂ ਗੁਰਦੁਆਰਾ ਰਾਮਗੜ੍ਹੀਆ ਸਭਾ ਵਿਖੇ ਟਰੱਕ ਅਪਰੇਟਰਜ਼ ਸੁਸਾਇਟੀ ਦੇ ਪ੍ਰਧਾਨ ਹਰਵਿੰਦਰ ਸਿੰਘ ਵਾਲੀਆ ਦੀ ਦੇਖ-ਰੇਖ ਵਿੱਚ ਸਮੂਹ ਟਰੱਕ ਮਾਲਕਾਂ ਅਤੇ ਚਾਲਕਾਂ ਦੇ ਸਹਿਯੋਗ ਨਾਲ ਅਖੰਡ ਪਾਠ ਦੇ ਭੋਗ ਪੁਆਏ ਗਏ ਅਤੇ ਕਥਾ ਕੀਰਤਨ ਦਰਬਾਰ ਸਜਾਏ ਗਏ। ਇਸ ਮਗਰੋਂ ਸੁਸਾਇਟੀ ਦਫਤਰ ਵਿੱਚ ਟਰੱਕ ਅਪਰੇਟਰਾਂ ਦੇ ਇਕੱਠ ਦੌਰਾਨ 27 ਸਾਲਾਂ ਬਾਅਦ ਪੁਕਾਰ ਦੀ ਘੰਟੀ ਵਜਾ ਕੇ ਪਹਿਲੇ ਦਿਨ 20 ਟਰੱਕਾਂ ਦੇ ਭਾੜੇ ਦੀ ਬੁੱਕਿੰਗ ਕਰਕੇ ਕੰਮ ਦੀ ਸ਼ੁਰੂਆਤ ਕੀਤੀ ਗਈ।
ਸੁਸਾਇਟੀ ਦੇ ਪ੍ਰਧਾਨ ਵਾਲੀਆ ਨੇ ਦੱਸਿਆ ਕਿ ਅੱਜ ਸਮੂਹ ਸੁਸਾਇਟੀ ਮੈਂਬਰ ਰਾਜਪੁਰਾ ਕੈਂਟਰ ਸੁਸਾਇਟੀ ਘਨੌਰ, ਸਰਹਿੰਦ, ਝੁੰਨੀ, ਦੇਵੀਗੜ੍ਹ, ਪਟਿਆਲਾ, ਬਨੂੰੜ ਦੇ ਅਹੁਦੇਦਾਰਾਂ ਅਤੇ ਵਪਾਰ ਮੰਡਲ ਰਾਜਪੁਰਾ ਦੀ ਸਹਿਮਤੀ ਨਾਲ ਪੁਕਾਰ ਦੀ ਘੰਟੀ ਵਜਾਈ ਗਈ। ਉਨ੍ਹਾਂ ਦੱਸਿਆ ਕਿ ਸੰਨ 1995 ਵਿੱਚ ਰਾਜਪੁਰਾ ਟਰੱਕ ਅਪਰੇਟਰ ਯੂਨੀਅਨ ਕੁਝ ਕਾਰਨਾਂ ਕਰਕੇ ਭੰਗ ਹੋ ਗਈ ਸੀ। ਉਸ ਦੇ ਦਫਤਰ ਵਾਲੀ ਥਾਂ ਪ੍ਰਸ਼ਾਸਨ ਵੱਲੋਂ ਪੁਲੀਸ ਚੌਕੀ ਸਥਾਪਿਤ ਕਰ ਦਿੱਤੀ ਗਈ। ਹੁਣ ਉਨ੍ਹਾਂ ਆਪਣੀ ਸੁਸਾਇਟੀ ਵਾਲੀ ਥਾਂ ਵਾਪਸ ਲੈਣ ਲਈ ਕਾਨੂੰਨੀ ਪ੍ਰੀਕਿਰਿਆ ਅਰੰਭ ਕਰ ਦਿੱਤੀ ਹੈ।