ਪੱਤਰ ਪ੍ਰੇਰਕ
ਪਟਿਆਲਾ, 29 ਅਗਸਤ
ਜੰਗਲਾਤ ਵਿਭਾਗ ਦੇ ਕਾਮਿਆਂ ਵੱਲੋਂ ‘ਪੰਜਾਬ ਸੁਬਾਰਡੀਨੇਟ ਚੌਥਾ ਦਰਜਾ ਕਰਮਚਾਰੀ ਯੂਨੀਅਨ’ ਦੇ ਬੈਨਰ ਹੇਠ ਪਿਛਲੇ 47 ਦਿਨਾਂ ਤੋਂ ਪ੍ਰਸ਼ਾਸਨ ਅਤੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਸੰਘਰਸ਼ ਨੂੰ ਹੋਰ ਤੇਜ਼ ਕਰਦੇ ਹੋਏ ਅੱਜ ਜੰਗਲਾਤ ਕਾਮਿਆਂ ਨੇ ਕਾਲੇ ਚੋਗੇ ਪਾ ਕੇ ਅਤੇ ਹੱਥਾਂ ’ਚ ਠੂਠੇ ਫੜ ਕੇ ਪਹਿਲਾਂ ਰੋਸ ਮਾਰਚ ਕੀਤਾ ਤੇ ਮਗਰੋਂ ਡੀਸੀ ਦਫ਼ਤਰ ਦਾ ਘਿਰਾਓ ਕਰ ਕੇ ਇੱਥੇ ਆਉਣ-ਜਾਣ ਵਾਲੇ ਲੋਕਾਂ ਤੋਂ ਭੀਖ ਵੀ ਮੰਗੀ। ਯੂਨੀਅਨ ਦੇ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਜਗਮੋਹਨ ਨੌਲੱਖਾ ਤੇ ਮਾਧੋ ਲਾਲ ਨੇ ਕਿਹਾ ਕਿ ਪੰਜਾਬ ਵਿਚਲੇ ਜੰਗਲਾਤ, ਜੰਗਲੀ ਜੀਵ ਨਿਗਮ ਵਿਚਲੇ ਸਾਲਾਂਬੱਧੀ ਕੰਮ ਕਰ ਰਹੇ ਕਾਮਿਆਂ ਨੂੰ ਛੇ ਮਹੀਨਿਆਂ ਤੋਂ ਤਨਖ਼ਾਹ ਨਸੀਬ ਨਹੀਂ ਹੋਈ ਹੈੈ। ਜੰਗਲਾਤ ਵਿਭਾਗ ਦੇ ਸਾਊਥ ਸਰਕਲ ਅੱਗੇ ਚੱਲ ਰਹੇ ਦਿਨ-ਰਾਤ ਦੇ ਪੱਕੇ ਧਰਨੇ ਵਿੱਚ ਅੱਜ ਕਾਮਿਆਂ ਨੇ ਪਰਿਵਾਰਾਂ ਸਣੇ ਸ਼ਾਮਲ ਹੋ ਕੇ ਪ੍ਰਦਰਸ਼ਨ ਕੀਤਾ। ਧਰਨੇ ਨੂੰ ਸਮਰਥਨ ਦਿੰਦਿਆਂ ਸਰਕਾਰੀ ਤੇ ਅਰਧ-ਸਰਕਾਰੀ ਵਿਭਾਗਾਂ ਦੇ ਚੌਥਾ ਦਰਜਾ ਕਰਮਚਾਰੀ ਵੀ ਸ਼ਾਮਲ ਹੋਏ। ਇਸ ਮਗਰੋਂ ਯੂਨੀਅਨ ਦੇ ਸੂਬਾ ਪ੍ਰਧਾਨ ਨੂੰ ਇੱਕ ਅਧਿਕਾਰੀ ਵੱਲੋਂ ਫੋਨ ’ਤੇ ਸੂਚਿਤ ਕੀਤਾ ਗਿਆ ਕਿ ਅਗਲੇ ਹਫ਼ਤੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਦਾ ਪ੍ਰਬੰਧ ਕਰ ਦਿੱਤਾ ਜਾਵੇਗਾ। ਇਸ ਮਗਰੋਂ ਡੀਸੀ ਦਫ਼ਤਰ ਅੱਗਿਓਂ ਧਰਨਾ ਚੁੱਕ ਦਿੱਤਾ ਗਿਆ, ਪਰ ਮੰਗਾਂ ਪੂਰੀਆਂ ਹੋਣ ਤੱਕ ਪੱਕਾ ਧਰਨਾ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਬਲਜਿੰਦਰ ਲਾਲ, ਕੁਲਵਿੰਦਰ ਸਿੰਘ, ਰਾਮ ਲਾਲ ਰਾਮਾ, ਤਰਲੋਚਨ ਗਿਰ, ਨਛੱਤਰ ਲਾਛੜੂ, ਗੁਰਮੇਲ ਸਮਾਣਾ, ਤਰਲੋਚਨ ਮੰਡੋਲੀ ਤੇ ਹੋਰ ਆਗੂਆਂ ਨੇ ਧਰਨੇ ਨੂੰ ਸੰਬੋਧਨ ਕੀਤਾ।