ਰਵੇਲ ਸਿੰਘ ਭਿੰਡਰ
ਪਟਿਆਲਾ, 26 ਨਵੰਬਰ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਵਜੋਂ ਵਾਧੂ ਚਾਰਜ ਆਈਏਐੱਸ ਅਧਿਕਾਰੀ ਰਵਨੀਤ ਕੌਰ ਨੂੰ ਸੌਂਪਿਆ ਗਿਆ ਹੈ। ਉਧਰ ਪੰਜਾਬ ਸਰਕਾਰ ਨੇ ਯੂਨੀਵਰਸਿਟੀ ਦੇ ਰੈਗੂਲਰ ਤੇ ਨਵੇਂ ਉਪ ਕੁਲਪਤੀ ਦੀ ਚੋਣ ਲਈ ਚਾਰਾਜੋਈ ਆਰੰਭ ਦਿੱਤੀ ਹੈ। ਰਵਨੀਤ ਕੌਰ ਪੰਜਾਬ ਸਰਕਾਰ ਦੇ ਵਧੀਕ ਮੁੱਖ ਸਕੱਤਰ ਜੰਗਲਾਤ ਤੇ ਜੰਗਲੀ ਜੀਵ ਅਧਿਕਾਰੀ ਵਜੋਂ ਤਾਇਨਾਤ ਹਨ। ਮੁੱਖ ਮੰਤਰੀ ਪੰਜਾਬ ਦੇ ਦਫ਼ਤਰ ਦੇ ਇੱਕ ਬੁਲਾਰੇ ਮੁਤਾਬਕ ਰਵਨੀਤ ਕੌਰ ਨੂੰ ਅਗਲੇ ਹੁਕਮਾਂ ਤੱਕ ਉਪ ਕੁਲਪਤੀ ਦਾ ਚਾਰਜ ਦਿੱਤਾ ਗਿਆ ਹੈ। ਪੰਜਾਬੀ ਯੂਨੀਵਰਸਿਟੀ ਦੇ ਪਹਿਲੇ ਉਪ ਕੁਲਪਤੀ ਡਾ. ਬੀ ਐਸ ਘੁੰਮਣ ਵੱਲੋਂ ਪਿਛਲੇ ਦਿਨੀਂ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਸੀ, ਜਿਹੜਾ ਰਾਜਪਾਲ ਪੰਜਾਬ ਕਮ ਯੂਨੀਵਰਸਿਟੀ ਦੇ ਕੁਲਪਤੀ ਵੀ.ਪੀ. ਸਿੰਘ ਬਦਨੌਰ ਵੱਲੋਂ ਅੱਜ ਸਵੀਕਾਰ ਕਰ ਲਿਆ ਗਿਆ ਹੈ। ਦੱਸਿਆ ਜਾਂਦਾ ਹੈ ਕਿ ਯੂਜੀਸੀ ਨਿਯਮਾਂ ਮੁਤਾਬਕ ਆਈਏਐੱਸ ਅਧਿਕਾਰੀ ਵਾਈਸ ਚਾਂਸਲਰ ਨਹੀਂ ਲੱਗ ਸਕਦਾ। ਲਿਹਾਜ਼ਾ, ਆਈਏਐੱਸ ਅਧਿਕਾਰੀ ਰਵਨੀਤ ਕੌਰ ਨੂੰ ਵਾਧੂ ਚਾਰਜ ਦਿੱਤਾ ਗਿਆ ਹੈ। ਉਧਰ, ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ ‘ਪੂਟਾ’ ਵੱਲੋਂ ਯੂਨੀਵਰਸਿਟੀ ਦੀ ਅਗਲੀ ਵਾਗਡੋਰ ਕਿਸੇ ਯੋਗ ਅਕਾਦਮਿਕ ਸਖਸ਼ੀਅਤ ਨੂੰ ਸੌਂਪਣ ਦੀ ਚਾਰਾਜੋਈ ਕੀਤੀ ਜਾ ਰਹੀ ਸੀ। ਪੂਟਾ ਵੱਲੋਂ ਇਹ ਮਾਮਲਾ ਉਚੇਰੀ ਸਿੱਖਿਆ ਮੰਤਰੀ ਕੋਲ ਵੀ ਉਠਾਇਆ ਗਿਆ ਸੀ। ਜਦੋਂਕਿ ਦੂਜੇ ਬੰਨੇ ਵਿਦਿਆਰਥੀ ਜਥੇਬੰਦੀ ‘ਸੈਫੀ’ ਵੱਲੋਂ ਰੈਗੂਲਰ ਵੀਸੀ ਦੀ ਨਿਯੁਕਤੀ ਤੋਂ ਪਹਿਲਾਂ ਵਾਧੂ ਚਾਰਜ ਕਿਸੇ ਪ੍ਰਸਾਸ਼ਨਿਕ ਅਧਿਕਾਰੀ ਨੂੰ ਸੌਂਪੇ ਜਾਣ ਦੀ ਵਕਾਲਤ ਕੀਤੀ ਜਾ ਰਹੀ ਸੀ। ਉਂਜ ਸਰਕਾਰ ਨੇ ਪਹਿਲਾਂ ਵੀ ਕਈ ਵਾਰ ਯੂਨੀਵਰਸਿਟੀ ਦੀ ਵਾਗਡੋਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੌਂਪੀ ਹੈ। ਪਤਾ ਲੱਗਿਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਚੇਰੀ ਸਿੱਖਿਆ ਵਿਭਾਗ ਨੂੰ ਯੂਨੀਵਰਸਿਟੀ ਦੇ ਨਵੇਂ ਉਪ ਕੁਲਪਤੀ ਦੀ ਚੋਣ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਸਮਝਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਯੂਨੀਵਰਸਿਟੀ ਲਈ ਜਲਦੀ ਹੀ ਰੈਗੂਲਰ ਉਪ ਕੁਲਪਤੀ ਲਗਾਉਣ ਲਈ ਉਤਾਵਲੀ ਹੈ।
ਦੱਸਣਯੋਗ ਹੈ ਕਿ ਯੂਨੀਵਰਸਿਟੀ ਇਨੀਂ ਦਿਨੀਂ ਵਿੱਤੀ ਲਿਹਾਜ਼ ਤੋਂ ਕਾਫ਼ੀ ਸੰਕਟ ’ਚੋਂ ਗੁਜ਼ਰ ਰਹੀ ਹੈ। ਅਜਿਹੇ ਸੰਕਟ ਕਾਰਨ ਵਿੱਤੀ ਮੁਸ਼ਕਲਾਂ ਤੋਂ ਇਲਾਵਾਂ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹਾਂ ਵੀ ਨਹੀਂ ਵੰਡੀਆਂ ਜਾ ਰਹੀਆਂ। ਜਿਸ ਕਾਰਨ ਯੂਨੀਵਰਸਿਟੀ ਕੈਂਪਸ ’ਚ ਆਏ ਦਿਨ ਮੁਲਾਜ਼ਮ ਹੜਤਾਲਾਂ ਦੇ ਰਾਹ ਪੈਣ ਲਈ ਮਜ਼ਬੂਰ ਹਨ। ਭਾਵੇਂ ਪਹਿਲੇ ਉਪ ਕੁਲਪਤੀ ਡਾ ਬੀ.ਐਸ. ਘੁੰਮਣ ਵੱਲੋਂ 17 ਨਵੰਬਰ ਨੂੰ ਆਪਣਾ ਅਸਤੀਫਾ ਨਿੱਜੀ ਤੇ ਸਿਹਤ ਕਾਰਨਾਂ ਕਰਕੇ ਦਿੱਤਾ ਗਿਆ ਸੀ, ਪਰ ਸਮਝਿਆ ਜਾ ਰਿਹਾ ਹੈ ਕਿ ਅਸਤੀਫੇ ਦਾ ਅਹਿਮ ਕਾਰਨ ਯੂਨੀਵਰਸਿਟੀ ਦੀ ਵਿੱਤੀ ਔਕੜ ਸੀ। ਚਿੰਤਕਾਂ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਦੇ ਅਜਿਹੇ ਸੰਕਟਮਈ ਹਾਲਾਤਾਂ ਨੂੰ ਸੰਵਾਰਨ ਲਈ ਸਰਕਾਰ ਨੂੰ ਵੱਡੀ ਫਿਰਾਖ਼ਦਿਲੀ ਵਿਖਾਉਣ ਦੀ ਲੋੜ ਹੈ।
‘ਸੈਫੀ’ ਵੱਲੋਂ ਕਾਰਜਕਾਰੀ ਵਾਈਸ ਚਾਂਸਲਰ ਦਾ ਸਵਾਗਤ
ਸੈਕੂਲਰ ਯੂਥ ਫੇਡਰੇਸ਼ਨ ਆਫ਼ ਇੰਡੀਆ ‘ਸੈਫੀ’ ਵਿਦਿਆਰਥੀ ਭਲਾਈ ਸੰਸਥਾ ਵੱਲੋਂ ਪੰਜਾਬੀ ਯੂਨੀਵਰਸਿਟੀ ਦੀ ਕਾਰਜਕਾਰੀ ਵਾਈਸ ਚਾਂਸਲਰ ਰਵਨੀਤ ਕੌਰ ਆਈਏਐੱਸ ਨੂੰ ਚਾਰਜ ਦੇਣ ਦਾ ਸਵਾਗਤ ਕੀਤਾ ਹੈ। ਇਸ ਸਬੰਧੀ ਪਾਰਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਸਾਡੀ ਪਾਰਟੀ ਵੱਲੋਂ ਸ਼ੁਰੂ ਤੋਂ ਹੀ ਇਹ ਮੰਗ ਕੀਤੀ ਗਈ ਸੀ ਕਿ ਜਿਹੋ ਜਿਹੇ ਯੂਨੀਵਰਸਿਟੀ ਦੇ ਮਾੜੇ ਹਾਲਾਤ ਬਣੇ ਹੋਏ ਹਨ, ਨੂੰ ਠੀਕ ਕਰਨ ਲਈ ਪ੍ਰਸ਼ਾਸਨਿਕ ਅਧਿਕਾਰੀ ਲਾਇਆ ਜਾਵੇ ਤਾਂ ਜੋ ਪੰਜਾਬੀ ਯੂਨੀਵਰਸਿਟੀ ਆਰਥਿਕ, ਪ੍ਰਸ਼ਾਸਨਿਕ ਤੇ ਅਕਾਦਮਿਕ ਤੌਰ ਤੇ ਮਜਬੂਤ ਬਣ ਸਕੇ। ਉਨ੍ਹਾਂ ਆਖਿਆ ਕਿ ਸੈਫੀ ਨੂੰ ਉਮੀਦ ਸੀ ਕਿ ਪਿਛਲੇ ਵਾਈਸ ਚਾਂਸਲਰ ਗਲਤ ਭਰਤੀਆਂ, ਗਲਤ ਸਰਟੀਫਿਕੇਟ ਲਾ ਕੇ ਲਈ ਨੌਕਰੀਆਂ ਤੇ ਹੋਰ ਆਰਥਿਕ ਘਪਲੇ ਦੀਆਂ ਰਿਪੋਰਟਾਂ ਤੇ ਸਖਤ ਕਾਰਵਾਈ ਕਰਨਗੇ ਪਰ ਅਜਿਹਾ ਕੁਝ ਵੀ ਸੰਭਵ ਨਹੀਂ ਹੋ ਸਕਿਆ।