ਖੇਤਰੀ ਪ੍ਰਤੀਨਿਧ
ਪਟਿਆਲਾ, 24 ਅਪਰੈਲ
ਕੇਂਦਰੀ ਜੇਲ੍ਹ ਪਟਿਆਲਾ ਵਿੱਚ ਬੰਦੀਆਂ ਨੂੰ ਸਵੈ-ਰੁਜ਼ਗਾਰ ਦੇ ਕਾਬਲ ਬਣਾਉਣ ਲਈ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵੱਲੋਂ ਚਲਾਏ ਜਾ ਰਹੇ ਅਸਿਸਟੈਂਟ ਇਲੈਕਟ੍ਰੀਸ਼ੀਅਨ ਤੇ ਅਸਿਸਟੈਂਟ ਪੇਂਟਰ ਦੇ ਕੋਰਸਾਂ ਦਾ ਅੱਜ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੌਤਮ ਜੈਨ ਨੇ ਜਾਇਜ਼ਾ ਲਿਆ। ਇਸ ਦੌਰਾਨ ਬੰਦੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਪਾਸੋਂ ਹੋਰ ਕੋਰਸ ਚਲਾਉਣ ਲਈ ਸੁਝਾਅ ਵੀ ਪ੍ਰਾਪਤ ਕੀਤੇ। ਏਡੀਸੀ ਨੇ ਕਿਹਾ ਕਿ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵੱਲੋਂ ਚਲਾਏ ਜਾ ਰਹੇ ਤਿੰਨ ਮਹੀਨੇ ਦੇ ਕਿੱਤਾ ਮੁਖੀ ਕੋਰਸ ਨਜ਼ਰਬੰਦ ਬੰਦੀਆਂ ਨੂੰ ਜੇਲ੍ਹ ਅੰਦਰ ਕੁਝ ਨਵਾਂ ਸਿੱਖਣ ’ਚ ਸਹਾਈ ਹੋਣਗੇ, ਉਥੇ ਹੀ ਰਿਹਾਈ ਤੋਂ ਬਾਅਦ ਸਵੈ ਰੁਜ਼ਗਾਰ ਸ਼ੁਰੂ ਕਰਨ ’ਚ ਵੀ ਮਦਦਗਾਰ ਰਹਿਣਗੇ। ਆਉਣ ਵਾਲੇ ਸਮੇਂ ’ਚ ਬੰਦੀਆਂ ਲਈ ਹੋਰ ਨਵੇਂ ਕੋਰਸ ਵੀ ਸ਼ੁਰੂ ਕੀਤੇ ਜਾਣਗੇ, ਤਾਂ ਜੋ ਉਹ ਸਿਖਲਾਈ ਪ੍ਰਾਪਤ ਕਰਕੇ ਰਿਹਾਈ ਤੋਂ ਬਾਅਦ ਮੁੱਖਧਾਰਾ ’ਚ ਆ ਕੇ ਆਪਣੀ ਜ਼ਿੰਦਗੀ ਚੰਗੀ ਤਰ੍ਹਾਂ ਬਿਤਾ ਸਕਣ। ਉਨ੍ਹਾਂ ਕਿਹਾ ਕਿ ਬੰਦੀਆਂ ’ਚ ਆਤਮ ਵਿਸ਼ਵਾਸ ਪੈਦਾ ਕਰਨ ਅਤੇ ਸ਼ਖ਼ਸੀਅਤ ਨਿਖਾਰਨ ਲਈ ਹੋਰ ਕੋਰਸ ਵੀ ਸ਼ੁਰੂ ਕੀਤੇ ਜਾਣਗੇ।