ਖੇਤਰੀ ਪ੍ਰਤੀਨਿਧ
ਪਟਿਆਲਾ, 27 ਜੁਲਾਈ
ਕੋਵਿਡ ਮਹਾਮਾਰੀ ਤੋਂ ਛੁਟਕਾਰੇ ਲਈ ਜ਼ਿਲ੍ਹੇ ਦੇ ਯੋਗ ਨਾਗਰਿਕਾਂ ਦਾ ਸੰਪੂਰਨ ਕੋਵਿਡ ਟੀਕਾਕਰਨ ਕਰਨ ਅਤੇ ਕੋਵਿਡ ਟੀਕਾਕਰਨ ਦੇ ਸੌ ਫ਼ੀਸਦੀ ਟੀਚੇ ਦੀ ਪ੍ਰਾਪਤੀ ਲਈ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਗੁਰਪ੍ਰੀਤ ਸਿੰਘ ਥਿੰਦ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ ਦੀ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਕੁਝ ਦਿਨਾਂ ਤੋਂ ਕੋਵਿਡ ਕੇਸਾਂ ਦੀ ਗਿਣਤੀ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ, ਜਿਸ ਦਾ ਕਾਰਨ ਲੋਕਾਂ ਵੱਲੋਂ ਕੋਵਿਡ ਸਾਵਧਾਨੀਆਂ ਪ੍ਰਤੀ ਅਵੇਸਲਾਪਣ ਹੈ। ਕੋਵਿਡ ਤੋਂ ਛੁਟਕਾਰੇ ਲਈ ਕੋਵਿਡ ਟੀਕਾਕਰਨ ਇੱਕੋ ਇੱਕ ਯੋਗ ਉਪਾਅ ਹੈ। ਉਨ੍ਹਾਂ ਸਮੂਹ ਸਿਹਤ ਸੰਸਥਾਵਾਂ ਦੇ ਕੋਵਿਡ ਟੀਕਾਕਰਨ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਦੇ ਕਿਹਾ ਕਿ ਰਹਿੰਦੇ ਯੋਗ ਨਾਗਰਿਕਾਂ ਦਾ ਕੋਵਿਡ ਟੀਕਾਕਰਨ ਵੀ ਜਲਦ ਤੋਂ ਜਲਦ ਯਕੀਨੀ ਬਣਾਇਆ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ 18 ਸਾਲ ਤੋਂ ਵੱਧ ਉਮਰ ਦੇ ਸਾਰੇ ਨਾਗਰਿਕਾਂ ਲਈ 30 ਸਤੰਬਰ ਤੱਕ ਮੁਫ਼ਤ ਕੋਵਿਡ ਬੂਸਟਰ ਡੋਜ਼ ਦੀ ਵਿਵਸਥਾ ਕੀਤੀ ਗਈ ਹੈ। ਵੈਕਸੀਨ ਦੀ ਬੂਸਟਰ ਡੋਜ਼ ਦਾ ਸਮਾਂ ਜੋ ਕਿ ਪਹਿਲਾਂ ਦੂਜੀ ਡੋਜ਼ ਤੋਂ 9 ਮਹੀਨੇ ਬਾਅਦ ਲਗਾਈ ਜਾਂਦੀ ਸੀ, ਉਹ ਹੁਣ ਘੱਟ ਕੇ 6 ਮਹੀਨੇ ਹੋ ਗਿਆ ਹੈ। ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਸਰਕਾਰੀ ਸਕੂਲਾਂ ਦੇ ਨਾਲ ਨਾਲ ਪ੍ਰਾਈਵੇਟ ਸਕੂਲਾਂ ਦੇ ਯੋਗ ਸਕੂਲੀ ਬੱਚਿਆਂ ਦੀਆਂ ਦੋਵੇਂ ਡੋਜ਼ਾਂ ਲੱਗਣੀਆਂ ਯਕੀਨੀ ਬਣਾਉਣ ਲਈ ਕਿਹਾ।