ਪੱਤਰ ਪ੍ਰੇਰਕ
ਸਮਾਣਾ, 18 ਸਤੰਬਰ
ਪੰਜਾਬ ਸਰਕਾਰ ਵੱਲੋਂ ਜ਼ਮੀਨਾਂ-ਪਲਾਟਾਂ ਦੀਆਂ ਰਜਿਸਟਰੀਆਂ ਆਨਲਾਈਨ ਕਰਵਾਉਣ ਲਈ ਸਖ਼ਤ ਹਦਾਇਤਾਂ ਕੀਤੀਆਂ ਹੋਣ ਦੇ ਬਾਵਜੂਦ ਮਰ ਚੁੱਕੇ ਜ਼ਮੀਨ ਮਾਲਕਾਂ ਦੀਆਂ ਜ਼ਮੀਨਾਂ ਦੀਆਂ ਰਜਿਸਟਰੀਆਂ ਫਰਜ਼ੀ ਵਿਅਕਤੀ ਕਰਵਾਉਣ ’ਚ ਸਫ਼ਲ ਹੋ ਰਹੇ ਹਨ। ਜਿਨ੍ਹਾਂ ਦੀ ਜਾਣਕਾਰੀ ਪੁਲੀਸ ਪ੍ਰਸ਼ਾਸਨ ਨੂੰ ਦੇਣ ਦੇ ਬਾਵਜੂਦ ਫਰਜ਼ੀ ਰਜਿਸਟਰੀ ਕਰਵਾਉਣ ਵਾਲੇ ਵਿਅਕਤੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋ ਰਹੀ। ਪਿੰਡ ਸੱਸਾਂ ਗੁੱਜਰਾਂ ਦੀ ਔਰਤ ਸ਼ਰਨਜੀਤ ਕੌਰ ਨੇ ਦੱਸਿਆ ਕਿ ਪਿੰਡ ਹਾਸ਼ਮਪੁਰ ਦੀ 17 ਕਨਾਲ 13-1/3 ਮਰਲੇ ਜ਼ਮੀਨ ਜੋ ਕੀਰਤ ਸਿੰਘ, ਕੁਲਦੀਪ ਸਿੰਘ ਪੁੱਤਰਾਨ ਨਾਹਰ ਸਿੰਘ ਵਾਸੀਆਨ ਪਿੰਡ ਭਗਵਾਨਪੁਰ (ਸੱਸਾਂ ਗੁੱਜਰਾਂ) ਦੇ ਨਾਂ ਹੈ। ਜਿਨ੍ਹਾਂ ਦੀ ਕਈ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਉਨ੍ਹਾਂ ਦੀ ਜ਼ਮੀਨ ਨੂੰ ਪਿੰਡ ਦੇ ਹੀ ਕੇਵਲ (ਘੁੱਗਾ) ਤੇ ਨਗਿੰਦਰ ਨਾਂ ਦੇ ਵਿਅਕਤੀਆਂ ਨੇ ਜਾਅਲੀ ਆਧਾਰ ਕਾਰਡ ਲਾ ਕੇ ਬਿਨਾਂ ਨੰਬਰਦਾਰ ਦੀ ਗਵਾਹੀ ਤੋਂ ਖ਼ਰੀਦਕਰਤਾ ਦੇ ਪੁੱਤਰ ਜੱਗੀ, ਪਤੀ ਹਰਜਿੰਦਰ ਸਿੰਘ ਤੇ ਕਰਮਜੀਤ ਸਿੰਘ ਦੀ ਗਵਾਹੀ ਪੁਆ ਕੇ ਚਰਨਜੀਤ ਕੌਰ ਦੇ ਨਾਂ ਹਿੱਬਾਨਾਮਾ, ਜਿਸ ਦਾ ਵਸੀਕਾ ਨੰਬਰ 2022-23/ 11/1/5715 ਮਿਤੀ 18 ਜੁਲਾਈ 2022 ਨੂੰ ਕਰਵਾ ਦਿੱਤਾ। ਉਨ੍ਹਾਂ ਦੱਸਿਆ ਕਿ ਹਬਿਾਨਾਮਾ ਜਿਨ੍ਹਾਂ ਦੀ ਜ਼ਮੀਨ ਦਾ ਕਰਵਾਇਆ ਗਿਆ ਹੈ, ਉਨ੍ਹਾਂ ਮਾਲਕਾਂ ਦੀ ਕਈ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਉਨ੍ਹਾਂ ਹਬਿਾਨਾਮਾ ਕਰਵਾਉਣ ਵਾਲੇ ਵਿਅਕਤੀਆਂ ਬਾਰੇ ਕਿਹਾ ਕਿ ਇਨ੍ਹਾਂ ਵਿਅਕਤੀਆਂ ਨੇ ਰਲ ਮਿਲ ਕੇ ਕੀਰਤ ਸਿੰਘ ਤੇ ਕੁਲਦੀਪ ਸਿੰਘ ਦੀ ਜ਼ਮੀਨ ਹੜੱਪਣ ਲਈ ਇਹ ਹਬਿਾਨਾਮਾ ਕਰਵਾਇਆ ਹੈ। ਜੋ ਸਰਾਸਰ ਗਲਤ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਜਿੱਥੇ ਆਮ ਲੋਕਾਂ ਦੇ ਮਨਾਂ ਵਿੱਚ ਰਜਿਸਟ੍ਰੇਸ਼ਨ ਕਰਵਾਉਣ ਦੀ ਸਰਕਾਰ ਵੱਲੋਂ ਜੋ ਸਖ਼ਤ ਹਦਾਇਤਾਂ ਸਨ, ਉਨ੍ਹਾਂ ਦੀ ਪੋਲ ਖੁੱਲ੍ਹਦੀ ਨਜ਼ਰ ਆ ਰਹੀ ਹੈ।
ਕੀ ਕਹਿੰਦੇ ਨੇ ਪਟਵਾਰੀ ਤੇ ਸਬ ਰਜਿਸਟਰਾਰ
ਹਲਕਾ ਪਟਵਾਰੀ ਹਰਬੰਸ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਫ਼ਰਦ ਕੇਂਦਰ ਵੱਲੋਂ ਮਿਲੇ ਪਰਚੇ ਦੇ ਆਧਾਰ ’ਤੇ ਇੰਤਕਾਲ ਦਰਜ ਕੀਤਾ ਸੀ। ਪਰ ਸ਼ਿਕਾਇਤ ਮਿਲਣ ’ਤੇ ਹਿੱਬਾਨਾਮਾ ’ਤੇ ਲੱਗੀਆਂ ਫੋਟੋਆਂ ਦੀ ਜਦੋਂ ਪਿੰਡ ਦੇ ਮੋਹਤਬਰਾਂ ਵੱਲੋਂ ਸ਼ਨਾਖਤ ਕੀਤੀ ਗਈ ਤਾਂ ਉਹ ਕੇਵਲ (ਘੁੱਗਾ) ਤੇ ਨਗਿੰਦਰ, ਜੱਗੀ, ਚਰਨਜੀਤ ਕੌਰ ਆਦਿ ਦੀਆਂ ਪਤਾ ਲੱਗਣ ’ਤੇ ਤਹਿਸੀਲਦਾਰ ਵੱਲੋਂ ਇੰਤਕਾਲ ਦਾ ਮੁਤਨਾਜਾ ਕਰਕੇ ਐੱਸਡੀਐੱਮ ਕੋਲ ਭੇਜ ਦਿੱਤਾ ਹੈ। ਇਸ ਸਬੰਧੀ ਜਦੋਂ ਸਬ ਰਜਿਸਟਰਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਰਜਿਸਟ੍ਰੇਸ਼ਨ ਕੀਤੀ ਜਾਂਦੀ ਹੈ ਪਰ ਜੇ ਕਿਸੇ ਨੇ ਫਰਜ਼ੀ ਵਿਅਕਤੀਆ ਰਾਹੀਂ ਰਜਿਸਟਰੀ ਕਰਵਾਈ ਹੈ ਤਾਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।