ਖੇਤਰੀ ਪ੍ਰਤੀਨਿਧ
ਪਟਿਆਲਾ, 7 ਸਤੰਬਰ
ਈ-ਸਟੈਂਪਿੰਗ ਦੀ ਵੱਧ ਫ਼ੀਸ ਵਸੂਲਣ ਦੀਆਂ ਮਿਲੀਆਂ ਸ਼ਿਕਾਇਤਾਂ ’ਤੇ ਕਰਵਾਈ ਕਰਦਿਆਂ ਅੱਜ ਪਟਿਆਲਾ ਦੇ ਤਹਿਸੀਲਦਾਰ ਰਣਜੀਤ ਸਿੰਘ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ ਸਥਿਤ ਸਟੈਂਪ ਵੈਡਰਾਂ ਦੀ ਜਾਂਚ ਕਰਦਿਆਂ ਈ-ਸਟੈਂਪਿੰਗ ਡਿਊਟੀ ਦੀ ਵੱਧ ਵਸੂਲੀ ਕਰਨ ਵਾਲੇ ਸਟੈਂਪ ਵੈਡਰ ਖ਼ਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਗਈ।
ਇਸੇ ਦੌਰਾਨ ਤਹਿਸੀਲਦਾਰ ਰਣਜੀਤ ਸਿੰਘ ਨੇ ਦੱਸਿਆ ਕਿ ਮਨਿੰਦਰ ਸਿੰਘ ਢਿੱਲੋਂ ਵੱਲੋਂ ਸ਼ਿਕਾਇਤ ਕੀਤੀ ਸੀ ਕਿ ਇੱਕ ਸਟੈਂਪ ਵੈਡਰ 50 ਰੁਪਏ ਦੀ ਈ-ਸਟੈਂਪਿੰਗ ਲਈ 100 ਰੁਪਏ ਲੈ ਰਿਹਾ ਹੈ। ਇਸ ਸ਼ਿਕਾਇਤ ਦੀ ਮੌਕੇ ’ਤੇ ਜਾ ਕੇ ਕੀਤੀ ਗਈ ਜਾਂਚ ਦੌਰਾਨ ਸਬੰਧਤ ਸਟੈਂਪ ਵੈਡਰ ਵੱਧ ਵਸੂਲੀ ਕਰਦਾ ਪਾਇਆ ਗਿਆ। ਉਥੇ ਹਾਜ਼ਰ ਗੁਰਨਾਮ ਸਿੰਘ ਨੇ ਵੀ 50 ਰੁਪਏ ਵਾਲੀ ਈ-ਸਟੈਂਪਿੰਗ ਦੀ 100 ਰੁਪਏ ਫ਼ੀਸ ਅਦਾ ਕੀਤੀ ਸੀ। ਤਹਿਸੀਲਦਾਰ ਨੇ ਦੱਸਿਆ ਕਿ ਦੋਨਾਂ ਸ਼ਿਕਾਇਤਾਂ ਦੇ ਆਧਾਰ ’ਤੇ ਸਟੈਂਪ ਵੈਂਡਰ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਤਹਿਸੀਲਦਾਰ ਦਾ ਕਹਿਣਾ ਸੀ ਕਿ ਈ-ਸਟੈਂਪ ਸੇਵਾ ਕੇਂਦਰ ਅਤੇ ਸਟਾਕ ਹੋਲਡਿੰਗ ਕਾਰਪੋਰੇਸ਼ਨ ਦੇ ਅਧਿਕਾਰਤ ਬੈਂਕਾਂ ਤੋਂ ਨਿਸ਼ਚਿਤ ਫ਼ੀਸ ’ਤੇ ਪ੍ਰਾਪਤ ਕੀਤੇ ਜਾ ਸਕਦੇ ਹਨ। ਨਿਰਧਾਰਤ ਫ਼ੀਸ ਤੋਂ ਵੱਧ ਵਸੂਲਣ ਵਾਲਿਆਂ ਦਾ ਲਾਇਸੈਂਸ ਰੱਦ ਕਰਨ ਸਮੇਤ ਨਿਯਮਾਂ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਮਾਮਲਾ ਪ੍ਰਸ਼ਾਸਨ ਦੇ ਧਿਆਨ ’ਚ ਲਿਆਂਦਾ ਜਾਵੇ: ਡੀਸੀ
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਸਟੈਂਪ ਵੈਡਰ ਵੱਧ ਫ਼ੀਸ ਵਸੂਲ ਕਰਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਡਿਪਟੀ ਕਮਿਸ਼ਨਰ, ਐੱਸਡੀਐੱਮ ਜਾਂ ਤਹਿਸੀਲਦਾਰ ਦਫਤਰ ’ਚ ਦਿੱਤੀ ਜਾਵੇ ਤਾਂ ਜੋ ਵੱਧ ਫ਼ੀਸ ਵਸੂਲਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕੇ।