ਖੇਤਰੀ ਪ੍ਰਤੀਨਿਧ
ਪਟਿਆਲਾ, 7 ਜੁਲਾਈ
ਜ਼ਿਲ੍ਹਾ ਪੁਲੀਸ ਵੱਲੋਂ ਨਸ਼ੀਲੇ ਪਦਾਰਥਾਂ ਖਿਲਾਫ਼ ਵਿੱੱਢੀ ਗਈ ਮੁਹਿੰਮ ਤਹਿਤ ਹਫ਼ਤੇ ’ਚ 122 ਵਿਅਕਤੀਆਂ ਦੇ ਖਿਲਾਫ਼ ਨਸ਼ਾ ਤਸਕਰੀ ਰੋਕੂ ਐਕਟ ਅਤੇ ਧਾਰਾ 110 ਦੇ ਤਹਿਤ ਕਾਰਵਾਈ ਕੀਤੀ ਗਈ ਹੈ। ਇਨ੍ਹਾਂ ਦੇ ਕਬਜ਼ੇ ਵਿੱਚੋਂ ਵੱਖ ਵੱੱਖ ਤਰ੍ਹਾਂ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ।
ਐੱਸਪੀ ਇਨਵੈਸ਼ਟੀਗੇਸ਼ਨ ਡਾ. ਮਹਿਤਾਬ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਪੁਲੀਸ ਨੇ ਪਟਿਆਲਾ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ ਅਤੇ ਐੱਸਐੱਸਪੀ ਦੀਪਕ ਪਾਰਿਕ ਦੀ ਅਗਵਾਈ ਹੇਠਾਂ ਅਮਲ ’ਚ ਲਿਆਂਦੀ ਹੈ। ਇਸ ਦੌਰਾਨ ਐੱਨਡੀਪੀਐੱਸ ਐਕਟ ਤਹਿਤ 50 ਕੇਸ ਦਰਜ ਕਰ ਕੇ 60 ਨਸ਼ਾ ਤਸਕਰ ਅਤੇ ਸਪਲਾਇਰ ਗ੍ਰਿਫ਼ਤਾਰ ਕੀਤੇ ਗਏ ਹਨ। ਐਨਡੀਪੀਐਸ ਐਕਟ ਦੇ 62 ਮੁਲਜ਼ਮਾਂ ਨੂੰ ਧਾਰਾ 110 ਦੇ ਤਹਿਤ ਪਾਬੰਦ ਵੀ ਕੀਤਾ ਗਿਆ ਹੈ।
ਇਸ ਦੌਰਾਨ ਹੈਰੋਇਨ 40 ਗ੍ਰਾਮ 310 ਮਿਲੀ ਗ੍ਰਾਮ, ਅਫੀਮ ਢਾਈ ਕਿਲੋ, ਸਮੈਕ 236 ਗ੍ਰਾਮ, ਨਸ਼ੀਲਾ ਪਾਊਡਰ 75 ਗ੍ਰਾਮ, ਭੁੱਕੀ 299 ਕਿਲੋ, ਨਸ਼ੀਲੀਆਂ ਗੋਲੀਆਂ 11512, ਕੈਪਸੂਲ 342, ਗਾਂਜਾ ਪੌਣੇ ਦੋ ਕਿਲੋ, ਸੁਲਫਾ 41 ਗ੍ਰਾਮ, ਨਸ਼ੀਲੀ ਦਵਾਈਆਂ ਦੀਆਂ ਭਰੀਆਂ ਹੋਈਆਂ ਸ਼ੀਸ਼ੀਆਂ ਆਦਿ ਨਸ਼ੀਲੀਆਂ ਵਸਤਾਂ ਬਰਾਮਦ ਕੀਤੀਆਂ ਗਈਆਂ ਹਨ।