ਰਵੇਲ ਸਿੰਘ ਭਿੰਡਰ
ਪਟਿਆਲਾ, 1 ਅਪਰੈਲ
ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ (ਪੂਟਾ), ਏ ਕਲਾਸ ਆਫੀਸਰਜ਼ ਐਸੋਸੀਏਸ਼ਨ ਅਤੇ ਬੀ. ਅਤੇ ਸੀ. ਕਲਾਸ ਐਸੋਸੀਏਸ਼ਨ ਵੱਲੋਂ ਅਧਿਆਪਕਾਂ, ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਮੰਗਾਂ ਲਈ ਸ਼ੁਰੂ ਕੀਤਾ ਧਰਨਾ ਅੱਜ ਲਗਾਤਾਰ ਪੰਦਰਵੇਂ ਦਿਨ ਜਾਰੀ ਰਿਹਾ। ਸੰਘਰਸ਼ ਦੌਰਾਨ ਚੱਲ ਰਹੀ ਲੜੀਵਾਰ ਭੁੱਖ ਹੜਤਾਲ ਵਿੱਚ ਅੱਜ ਡਾ. ਅਮਰਪ੍ਰੀਤ ਸਿੰਘ, ਜਰਨੈਲ ਸਿੰਘ ਬਾਠ ਅਤੇ ਸੁਖਵਿੰਦਰ ਸਿੰਘ ਸੁੱਖੀ ਨੇ ਹਿੱਸਾ ਲਿਆ। ਅੱਜ ਦੇ ਧਰਨੇ ਵਿੱਚ ਵੱਡੀ ਗਿਣਤੀ ਅਧਿਆਪਕਾਂ ਅਤੇ ਮੁਲਾਜਮਾਂ ਨੇ ਹਿੱਸਾ ਲਿਆ ਅਤੇ ਵਾਈਸ-ਚਾਂਸਲਰ ਵਿਰੁੱਧ ਨਾਅਰੇਬਾਜੀ ਕੀਤੀ।
ਉਧਰ ਅੱਜ ਅਹਿਮ ਗੱਲ ਇਹ ਰਹੀ ਕਿ ਲੰਮੇ ਸਮੇਂ ਮਗਰੋਂ ਕਾਰਜਕਾਰੀ ਵੀ.ਸੀ. ਰਵਜੀਤ ਕੌਰ ਅੱਜ ਬਾਅਦ ਦੁਪਹਿਰ ਯੂਨੀਵਰਸਿਟੀ ਕੈਂਪਸ ਪੁੱਜੇ, ਪ੍ਰੰਤੂ ਉਹ ਆਪਣੀ ਕਥਿਤ ਸੁਰੱਖਿਆ ਵਜੋਂ ਭਾਰੀ ਪੁਲੀਸ ਫੋਰਸ ਵੀ ਨਾਲ ਲੈ ਕੇ ਆਏ। ਉਨ੍ਹਾਂ ਦੇ ਦਫ਼ਤਰ ਆਮਦ ਤੋਂ ਪਹਿਲਾਂ ਹੀ ਵੱਡੀ ਗਿਣਤੀ ਪੁਲੀਸ ਫੋਰਸ ਕੈਂਪਸ ’ਚ ਤਾਇਨਾਤ ਹੋ ਚੁੱਕੀ ਸੀ। ਪੂਟਾ ਤੇ ਹੋਰ ਸੰਘਰਸ਼ੀ ਮੁਲਾਜ਼ਮ ਜਥੇਬੰਦੀਆਂ ਦਾ ਕਹਿਣਾ ਹੈ ਕਿ ਜਿਹੜੇ ਅਧਿਆਪਕਾਂ ਨੇ ਵਾਧੂ ਪ੍ਰਸ਼ਾਸਨਿਕ ਅਹੁਦਿਆਂ ਤੋਂ ਅਸਤੀਫਾ ਦਿੱਤਾ ਹੋਇਆ ਹੈ ਉਨ੍ਹਾਂ ‘ਤੇ ਅਸਤੀਫੇ ਵਾਪਸ ਲੈਣ ਦਾ ਦਬਾਅ ਪਾਇਆ ਜਾ ਰਿਹਾ ਹੈ। ਪੂਟਾ ਸਮੇਤ ਤਿੰਨ ਸੰਘਰਸ਼ੀ ਜਥੇਬੰਦਆਂ ਦੇ ਪ੍ਰਧਾਨਾਂ ਤੇ ਹੋਰ ਅਹੁਦੇਦਾਰਾਂ ਨੇ ਦੋਸ਼ ਲਾਇਆ ਕਿ ਕਾਰਜਕਾਰੀ ਵੀ.ਸੀ. ਵੱਲੋਂ ਕੈਂਪਸ ’ਚ ਭਾਰੀ ਪੁਲੀਸ ਫੋਰਸ ਦੀ ਤਾਇਨਾਤੀ ਪਿੱਛੇ ਯੂਨੀਵਰਸਿਟੀ ’ਚ ਤਣਾਅ ਤੇ ਡਰ ਵਾਲਾ ਮਾਹੌਲ ਪੈਦਾ ਕਰਨ ਦੀ ਸਾਜਿ਼ਸ਼ ਹੈ। ਪ੍ਰੰਤੂ ਸੰਘਰਸ਼ੀ ਧਿਰਾਂ ਅਜਿਹੀਆਂ ਚਾਲਾਂ ਤੋਂ ਨਹੀਂ ਘਬਰਾਉਣਗੀਆਂ, ਬਲਕਿ ਆਪਣਾ ਸੰਘਰਸ਼ ਬਿਨਾਂ ਕਿਸੇ ਡਰ ਜਾਂ ਭੈਅ ਦੇ ਇਸ ਤਰ੍ਹਾਂਂ ਜਾਰੀ ਰੱਖਣਗੇ। ਰੋਸ ਧਰਨੇ ਦੌਰਾਨ ਇਕੱਤਰ ਅਧਿਆਪਕਾਂ ਅਤੇ ਮੁਲਾਜ਼ਮਾਂ ਨੁੰ ਸੰਬੋਧਨ ਕਰਦਿਆਂ ਪੂਟਾ ਮੁਖੀ ਡਾ. ਨਿਸ਼ਾਨ ਸਿੰਘ ਦਿਓਲ ਨੇ ਕਿਹਾ ਕਿ ਮੌਜੂਦਾ ਕਾਰਜਕਾਰੀ ਵੀ.ਸੀ. ਯੂਨੀਵਰਸਿਟੀ ਨਾਲ ਸਬੰਧਤ ਸਮੂਹ ਕਰਮਚਾਰੀਆਂ ਦਾ ਵਿਸ਼ਵਾਸ਼ ਗਵਾ ਚੁੱਕੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਆਪਣੇ ਪ੍ਰਸ਼ਾਸਨਿਕ ਆਹੁਦਿਆਂ ਤੋਂ ਅਸਤੀਫਾ ਦੇ ਚੁੱਕੇ ਅਧਿਆਪਕਾਂ ਉੱਪਰ ਪ੍ਰਸ਼ਾਸਨ ਵੱਲੋਂ ਆਪਣੇ ਦਫਤਰ ਦੁਬਾਰਾ ਜੁਆਇਨ ਕਰਨ ਦਾ ਦਬਾਅ ਪਾਇਆ ਜਾ ਰਿਹਾ ਹੈ। ਉਨ੍ਹਾਂ ਵੱਲੋਂ ਨਵੀਆਂ ਨਿਯੁਕਤੀਆਂ ਕੀਤੇ ਜਾਣ ’ਤੇ ਪੂਟਾ ਭਲਕੇ ਤਿੱਖਾ ਸੰਘਰਸ਼ ਕਰੇਗੀ। ਏ ਕਲਾਸ ਧਿਰ ਦੇ ਪ੍ਰਧਾਨ ਗੁਰਿੰਦਰਪਾਲ ਸਿੰਘ ਬੱਬੀ ਨੇ ਕਾਰਜਕਾਰੀ ਵੀ.ਸੀ. ਦੇ ਮੁਲਾਜ਼ਮਾਂ ਪ੍ਰਤੀ ਰਵੱਈਏ ਦੀ ਆਲੋਚਨਾ ਕਰਦਿਆਂ ਸਮੂਹ ਮੁਲਾਜ਼ਮ ਵਰਗ ਨੂੰ ਇਕੱਠੇ ਹੋ ਕੇ ਆਪਣੇ ਹੱਕਾਂ ਲਈ ਲੜਨ ਦਾ ਹੋਕਾ ਦਿੱਤਾ। ਉਨ੍ਹਾਂ ਪ੍ਰਸ਼ਾਸਨ ਵੱਲੋਂ ਅਧਿਆਪਕਾਂ ਅਤੇ ਮੁਲਾਜ਼ਮਾਂ ਦੇ ਏਕੇ ਨੂੰ ਤੋੜਨ ਲਈ ਚੱਲੀਆਂ ਜਾ ਰਹੀਆਂ ਕੋਝੀਆਂ ਚਾਲਾ ਤੋਂ ਵੀ ਸੁਚੇਤ ਰਹਿਣ ’ਤੇ ਜ਼ੋਰ ਦਿੱਤਾ।